ਸਾਰੀਆਂ ਪਾਰਟੀਆਂ ਇਕਜੁੱਟ ਹੋ ਗਈਆਂ ਤਾਂ ਭਾਜਪਾ ਲਈ ਚੋਣਾਂ ਜਿੱਤਣਾ ਅਸੰਭਵ ਹੋ ਜਾਵੇਗਾ : ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕ ਇਨਕਲੂਸਿਵ ਅਲਾਇੰਸ’ (ਇੰਡੀਆ) ਵਿਚ ਸ਼ਾਮਲ ਘਟਕ ਦਲ ਦੇਸ਼ ਦੀ 60 ਫੀਸਦੀ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ ਅਤੇ ਜੇਕਰ ਉਹ ਇਕੱਠੇ ਹੋ ਕੇ ਚੋਣ ਲੜਨਗੇ ਤਾਂ ਭਾਰਤੀ ਜਨਤਾ ਪਾਰਟੀ ਲਈ ਜਿੱਤ ਅਸੰਭਵ ਹੋ ਜਾਵੇਗੀ। ਵਿਰੋਧੀ ਗਠਜੋੜ ‘ਇੰਡੀਆ’ ਦੀ ਬੈਠਕ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ,”ਦੋ ਮੁੱਖ ਗੱਲਾਂ ਹਨ। ਪਹਿਲੀ ਇਹ ਕਿ ਇਸ ਤਾਲਮੇਲ ਕਮੇਟੀ ਦੇ ਅਧੀਨ ਇਕ ਤਾਲਮੇਲ ਕਮੇਟੀ ਅਤੇ ਕਮੇਟੀਆਂ ਹੋਣਗੀਆਂ। ਦੂਜੀ ਗੱਲ ਇਹ ਹੈ ਕਿ ਅਸੀਂ ਸੀਟਾਂ ਦੀ ਵੰਡ ‘ਤੇ ਸਾਰੀਆਂ ਚਰਚਾਵਾਂ ਅਤੇ ਫੈਸਲਿਆਂ ‘ਚ ਤੇਜ਼ੀ ਲਿਆਵਾਂਗੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕਰਾਂਗੇ।” ਉਨ੍ਹਾਂ ਨੇ ਵਿਰੋਧੀ ਧਿਰ ਦੇ ਕਈ ਨੇਤਾਵਾਂ ਦੀ ਮੌਜੂਦਗੀ ‘ਚ ਕਿਹਾ,”ਇਹ ਸਟੇਜ 60 ਫੀਸਦੀ ਭਾਰਤੀ ਜਨਸੰਖਿਆ ਦਾ ਪ੍ਰਤੀਨਿਧੀਤੱਵ ਕਰਦਾ ਹੈ। ਜੇਕਰ ਇਸ ਮੰਚ ‘ਤੇ ਸਾਰੀਆਂ ਪਾਰਟੀਆਂ ਇਕਜੁੱਟ ਹੋ ਗਈਆਂ ਤਾਂ ਭਾਜਪਾ ਲਈ ਚੋਣਾਂ ਜਿੱਤਣਾ ਅਸੰਭਵ ਹੋ ਜਾਵੇਗਾ।”

ਰਾਹੁਲ ਨੇ ਕਿਹਾ,”ਮੈਨੂੰ ਪੂਰਾ ਭਰੋਸਾ ਹੈ ਕਿ ‘ਇੰਡੀਆ’ ਗਠਜੋੜ ਭਾਜਪਾ ਨੂੰ ਹਰਾ ਦੇਵੇਗਾ। ਇਸ ਗਠਜੋੜ ਵਿਚ ਅਸਲ ਕੰਮ ਇਸ ਗਠਜੋੜ ਦੇ ਆਗੂਆਂ ਦੇ ਆਪਸੀ ਸਬੰਧਾਂ ਦਾ ਹੈ। ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਇਨ੍ਹਾਂ ਮੀਟਿੰਗਾਂ ਨੇ ਸਾਰੇ ਨੇਤਾਵਾਂ ਵਿਚਕਾਰ ਤਾਲਮੇਲ ਬਣਾਉਣ ਅਤੇ ਇਹ ਯਕੀਨੀ ਬਣਾਉਣ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ ਕਿ ਅਸੀਂ ਸਾਰੇ ਮਿਲ ਕੇ ਕੰਮ ਕਰੀਏ। ਉਨ੍ਹਾਂ ਮੁਤਾਬਕ, ”ਮੈਂ ਦੇਖ ਸਕਦਾ ਹਾਂ ਕਿ ਜਿਸ ਤਰ੍ਹਾਂ ਨਾਲ ਅਸੀਂ ਚੀਜ਼ਾਂ ਨੂੰ ਦੇਖ ਰਹੇ ਹਾਂ, ਉਸ ‘ਚ ਸਾਰੇ ਨੇਤਾਵਾਂ ‘ਚ ਲਚੀਲਾਪਨ ਹੈ।” ਅਡਾਨੀ ਨਾਲ ਜੁੜੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਕ ਖਾਸ ਕਾਰੋਬਾਰੀ ਵਿਚਾਲੇ ਮਿਲੀਭਗਤ ਸਾਰਿਆਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ,”ਪ੍ਰਧਾਨ ਮੰਤਰੀ ਅਤੇ ਭਾਜਪਾ ਦਾ ਭ੍ਰਿਸ਼ਟਾਚਾਰ ਨਾਲ ਗਠਜੋੜ ਹੈ। ਇਹ ਸਭ ਤੋਂ ਪਹਿਲਾਂ ‘ਇੰਡੀਆ’ ਗਠਜੋੜ ਲੋਕਾਂ ਦੇ ਸਾਹਮਣੇ ਬੇਨਕਾਬ ਅਤੇ ਸਾਬਤ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਵਿਚਾਰ ਗਰੀਬਾਂ ਤੋਂ ਪੈਸਾ ਕੱਢ ਕੇ ਸੀਮਿਤ ਗਿਣਤੀ ਲੋਕਾਂ ਤੱਕ ਪਹੁੰਚਾਉਣਾ ਹੈ।”

ਰਾਹੁਲ ਨੇ ਕਿਹਾ ਕਿ ਇਹ ਗਠਜੋੜ ਜੋ ਵਿਚਾਰ ਪੇਸ਼ ਕਰਨ ਜਾ ਰਿਹਾ ਹੈ ਉਹ ਇਕ ਵਾਰ ਮੁੜ ਗਰੀਬਾਂ ਨੂੰ ਇਸ ਦੇਸ਼ ਦੀ ਤਰੱਕੀ ‘ਚ ਸ਼ਾਮਲ ਕਰੇਗਾ। ਉਨ੍ਹਾਂ ਨੇ ਆਪਣੇ ਹਾਲੀਆ ਲੱਦਾਖ ਦੌਰੇ ਦਾ ਜ਼ਿਕਰ ਕਰਦੇ ਹੋਏ ਕਿਹਾ,”ਮੈਂ ਲੱਦਾਖ ‘ਚ ਇਕ ਹਫ਼ਤਾ ਬਿਤਾਇਆ। ਮੈਂ ਪੈਂਗੌਂਗ ਝੀਲ ‘ਤੇ ਗਿਆ, ਜਿੱਥੇ ਉਸ ਦੇ ਠੀਕ ਸਾਹਮਣੇ ਚੀਨੀ ਹਨ। ਲੱਦਾਖ ਦੇ ਲੋਕਾਂ ਨਾਲ ਮੇਰੀ ਵਿਸਤ੍ਰਿਤ ਚਰਚਾ ਹੋਈ। ਕਾਂਗਰਸ ਨੇਤਾ ਨੇ ਦਾਅਵਾ ਕੀਤਾ,”ਉੱਥੇ ਲੋਕਾਂ ਨੇ ਮੈਨੂੰ ਸਪੱਸ਼ਟ ਰੂਪ ਨਾਲ ਦੱਸਿਆ ਕਿ ਪ੍ਰਧਾਨ ਮੰਤਰੀ ਇਸ ਤੱਥ ਬਾਰੇ ਝੂਠ ਬੋਲ ਰਹੇ ਕਿ ਚੀਨ ਨੇ ਭਾਰਤੀ ਜ਼ਮੀਨ ਨਹੀਂ ਲਈ ਹੈ। ਲੱਦਾਖ ਦਾ ਇਕ-ਇਕ ਵਿਅਕਤੀ ਜਾਣਦਾ ਹੈ ਕਿ ਭਾਰਤ ਦੇ ਲੋਕਾਂ ਨੂੰ, ਲੱਦਾਖ ਦੇ ਲੋਕਾਂ ਨੂੰ ਭਾਰਤ ਨੇ ਧੋਖਾ ਦਿੱਤਾ ਹੈ।” ਉਨ੍ਹਾਂ ਕਿਹਾ ਕਿ ਲੱਦਾਖ ‘ਚ ਜੋ ਹੋਇਆ ਹੈ, ਉਹ ਬੇਹੱਦ ਸ਼ਰਮਨਾਕ ਹੈ।

Add a Comment

Your email address will not be published. Required fields are marked *