ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਨਵੀਂ ਦਿੱਲੀ, 29 ਮਈ-: ਪਹਿਲਵਾਨਾਂ ਤੋਂ ਧਰਨੇ ਵਾਲੀ ਥਾਂ ਖਾਲੀ ਕਰਵਾਉਣ ਤੋਂ ਇਕ ਦਿਨ ਮਗਰੋਂ ਦਿੱਲੀ ਪੁਲੀਸ ਨੇ ਅੱਜ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਜੰਤਰ ਮੰਤਰ ਦੀ ਥਾਂ ਸ਼ਹਿਰ ਵਿੱਚ ਕੋਈ ਹੋਰ ਢੁੱਕਵੀਂ ਥਾਂ ਰੋਸ ਮੁਜ਼ਾਹਰੇ ਲਈ ਮੁਹੱਈਆ ਕਰਵਾਈ ਜਾਵੇਗੀ। ਪੁਲੀਸ ਨੇ ਕਿਹਾ ਕਿ ਪਹਿਲਵਾਨਾਂ ਦੇ ਪਿਛਲੇ ਰਿਕਾਰਡ ਤੇ ਐਤਵਾਰ ਦੇ ਵਤੀਰੇ ਨੂੰ ਵੇਖਦੇ ਹੋੲੇ, ਉਨ੍ਹਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨਾ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਨਵੀਂ ਦਿੱਲੀ ਦੇ ਡੀਸੀਪੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਪਹਿਲਵਾਨਾਂ ਵੱਲੋਂ ਜੰਤਰ ਮੰਤਰ ’ਤੇ ਲਾਇਆ ਧਰਨਾ ਬੜੇ ਆਰਾਮ ਨਾਲ ਚੱਲ ਰਿਹਾ ਸੀ। ਐਤਵਾਰ ਨੂੰ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਕਾਨੂੰਨ ਤੋੜਿਆ ਤੇ ਲਗਾਤਾਰ ਕੀਤੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕੀਤਾ। ਲਿਹਾਜ਼ਾ ਅਸੀਂ ਧਰਨੇ ਵਾਲੀ ਥਾਂ ਖਾਲੀ ਕਰਵਾ ਕੇ ਉਥੇ ਲੱਗਿਆ ਧਰਨਾ ਖ਼ਤਮ ਕਰਵਾ ਦਿੱਤਾ।’’ ਪੁਲੀਸ ਅਧਿਕਾਰੀ ਨੇ ਕਿਹਾ, ‘‘ਪਹਿਲਵਾਨ ਜੇਕਰ ਭਵਿੱਖ ਵਿਚ ਮੁੜ ਧਰਨਾ ਲਾਉਣ ਲਈ ਅਰਜ਼ੀ ਦਿੰਦੇ ਹਨ, ਤਾਂ ਉਨ੍ਹਾਂ ਨੂੰ ਜੰਤਰ ਮੰਤਰ ਦੀ ਥਾਂ ਕਿਸੇ ਹੋਰ ਢੁੱਕਵੀਂ ਥਾਂ ’ਤੇ ਰੋਸ ਮੁਜ਼ਾਹਰਾ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇਗੀ।’’ ਚੇਤੇ ਰਹੇ ਕਿ ਐਤਵਾਰ ਨੂੰ ਨਵੀਂ ਸੰਸਦ ਵੱਲ ਵਧ ਰਹੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਰੋਕੇ ਜਾਣ ਮੌਕੇ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ ਸੀ। ਇਸ ਮਗਰੋਂ ਪੁਲੀਸ ਨੇ ਸਾਕਸ਼ੀ, ਵਿਨੇਸ਼ ਤੇ ਬਜਰੰਗ ਸਣੇ ਹੋਰਨਾਂ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਨ੍ਹਾਂ ਪਹਿਲਵਾਨਾਂ ਨੂੰ ਹਾਲਾਂਕਿ ਮਗਰੋਂ ਛੱਡ ਦਿੱਤਾ ਗਿਆ, ਪਰ ਦਿੱਲੀ ਪੁਲੀਸ ਨੇ ਐਤਵਾਰ ਦੇਰ ਰਾਤ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਸਣੇ ਹੋਰਨਾਂ ਪ੍ਰਦਰਸ਼ਨਕਾਰੀਆਂ ਖਿਲਾਫ਼ ਦੰਗੇ ਤੇ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ’ਚ ਵਿਘਨ ਪਾਉਣ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਪਹਿਲਵਾਨਾਂ ਨੂੰ ਹਿਰਾਸਤ ’ਚ ਲੈਣ ਦੌਰਾਨ ਦਿੱਲੀ ਪੁਲੀਸ ਨੇ ਜੰਤਰ ਮੰਤਰ ’ਤੇ ਧਰਨੇ ਵਾਲੀ ਥਾਂ ਲੱਗੇ ਤੰਬੂ-ਬੰਬੂ ਪੁੱਟ ਕੇ ਥਾਂ ਖਾਲੀ ਕਰਵਾ ਦਿੱਤੀ ਸੀ। ਦਿੱਲੀ ਪੁਲੀਸ ਦੀ ਪੀਆਰਓ ਸੁਮਨ ਨਲਵਾ ਨੇ ਕਿਹਾ ਕਿ ਪੁਲੀਸ ਮੁਲਾਜ਼ਮ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਸਨ, ਪਰ ਐਤਵਾਰ ਦੀ ਘਟਨਾ ਨੇ ਉਨ੍ਹਾਂ ਨੂੰ ਇਹ ਸਿਖਰਲਾ ਕਦਮ ਚੁੱਕਣ ਤੇ ਧਰਨੇ ਵਾਲੀ ਥਾਂ ਖਾਲੀ ਕਰਵਾਉਣ ਲਈ ਮਜਬੂਰ ਕੀਤਾ। ਅਧਿਕਾਰੀ ਨੇ ਕਿਹਾ ਕਿ ਪਹਿਲਵਾਨਾਂ ਨੇ 17 ਮਈ ਨੂੰ ਮਾਰਚ ਕੱਢਣ ਸਬੰਧੀ ਇਜਾਜ਼ਤ ਮੰਗੀ ਸੀ ਤੇ 23 ਮਈ ਨੂੰ ਉਨ੍ਹਾਂ ਮੋਮਬੱਤੀ ਮਾਰਚ ਵੀ ਕੱਢਿਆ, ਪਰ ‘ਲੰਘੇ ਦਿਨ ਉਨ੍ਹਾਂ ਜੋ ਕੁਝ ਕੀਤਾ, ਉਹ ਅਮਨ ਤੇ ਕਾਨੂੰਨ ਦੇ ਖਿਲਾਫ਼ ਸੀ।’’ ਪੀਆਰਓ ਨੇ ਕਿਹਾ, ‘‘ਉਨ੍ਹਾਂ (ਪਹਿਲਵਾਨਾਂ) ਦੇ ਪਿਛਲੇ ਰਿਕਾਰਡ ਤੇ ਲੰਘੇ ਦਿਨ ਦੇ ਵਤੀਰੇ ਨੂੰ ਵੇਖਦੇ ਹੋਏ…ਹੁਣ ਜੰਤਰ ਮੰਤਰ ’ਤੇ ਧਰਨੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਉਹ ਲਿਖਤੀ ਅਰਜ਼ੀ ਦਿੰਦੇ ਹਨ ਤਾਂ ਅਸੀਂ ਕਿਸੇ ਹੋਰ ਥਾਂ ਧਰਨਾ ਲਾਉਣ ਦੀ ਪ੍ਰਵਾਨਗੀ ਦੇ ਸਕਦੇ ਹਾਂ।’’

Add a Comment

Your email address will not be published. Required fields are marked *