ਹੁਣ ਜਾਪਾਨ ‘ਚ ਰਿਲੀਜ਼ ਹੋਵੇਗੀ ‘ਪਠਾਨ’ ਅਤੇ ਬੁਰਜ ਖ਼ਲੀਫ਼ਾ ‘ਤੇ ਦਿਸੇਗਾ ‘ਜਵਾਨ’ ਦਾ ਟਰੇਲਰ

ਮੁੰਬਈ – ਬਾਲੀਵੁੱਡ ਦੇ ‘ਕਿੰਗ ਖ਼ਾਨ’ ਅਖਵਾਉਣ ਵਾਲੇ ਅਦਾਕਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਦੇ ਰਿਲੀਜ਼ ਹੋਣ ਦੀ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਹੈ। ਅਜਿਹੇ ‘ਚ ਫ਼ਿਲਮ ਦੇ ਟਰੇਲਰ ਵੀਡੀਓ ਦਾ ਕਾਉਂਟ-ਡਾਊਨ ਸ਼ੁਰੂ ਹੋ ਗਿਆ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਇਸ ਨੂੰ 31 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ।

ਅਜਿਹਾ ਉਦੋਂ ਹੋਇਆ ਜਦੋਂ ਸ਼ਾਹਰੁਖ ਖ਼ਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਇਸ ਦਿਨ ਬੁਰਜ-ਖ਼ਲੀਫ਼ਾ ਜਾਵੇਗਾ ਅਤੇ ਉੱਥੇ ਜਾ ਕੇ ‘ਜਵਾਨ’ ਦਾ ਜਸ਼ਨ ਮਨਾਵੇਗਾ। ਉਦੋਂ ਤੋਂ ਹੀ ਇਸ ਦੇ ਟਰੇਲਰ ਰਿਲੀਜ਼ ਨੂੰ ਲੈ ਕੇ ਅੰਦਾਜ਼ੇ ਲਗਾਏ ਜਾ ਰਹੇ ਹਨ। ਹਾਲਾਂਕਿ ਹਾਲੇ ਟਰੇਲਰ ਵੀਡੀਓ ਜਾਰੀ ਕੀਤੇ ਜਾਣ ਦਾ ਐਲਾਨ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਸ਼ਾਹਰੁਖ਼ ਦੀ ਬਲਾਕਬਸਟਰ ਫ਼ਿਲਮ ‘ਪਠਾਨ’ ਦੀ ਚਰਚਾ ਨੇ ਵੀ ਜ਼ੋਰ ਫੜ੍ਹ ਲਿਆ ਹੈ। ਜਾਪਾਨ ‘ਚ ਇਸ ਦੀ ਰਿਲੀਜ਼ ਬਾਰੇ ਐਲਾਨ ਕੀਤਾ ਗਿਆ ਹੈ। ਫ਼ਿਲਮ 1 ਸਤੰਬਰ ਨੂੰ 78 ਸਕ੍ਰੀਨਾਂ ‘ਤੇ ਰਿਲੀਜ਼ ਹੋਵੇਗੀ।

ਸ਼ਾਹਰੁਖ ਖ਼ਾਨ ਤੇ ਉਨ੍ਹਾਂ ਦੇ ‘ਜਵਾਨ’ ਦੇ ਲੁੱਕ ਨੇ ਪ੍ਰੀਵਿਊ ਦੇ ਲਾਂਚ ਤੋਂ ਹੀ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪ੍ਰੀਵਿਊ ਪਹਿਲਾਂ ਹੀ ਦਰਸ਼ਕਾਂ ਨੂੰ ਐਕਸ਼ਨ ਦੇ ਨਵੇਂ ਪੱਧਰ ਦੀ ਝਲਕ ਦਿਖਾ ਚੁੱਕਾ ਹੈ। ਉਥੇ ਹੀ ‘ਜਵਾਨ’ ਨੂੰ ਲੈ ਕੇ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰਨ ਵਾਲੇ ਤੱਤਾਂ ’ਚੋਂ ਇਕ ਸ਼ਾਹਰੁਖ਼ ਦਾ ਵੱਖਰਾ ਲੁੱਕ ਹੈ, ਜਿਸ ਨੇ ਸਾਰਿਆਂ ’ਚ ਉਤਸੁਕਤਾ ਵਧਾ ਦਿੱਤੀ ਹੈ। ‘ਜਵਾਨ’ ਵਿਚ ਸ਼ਾਹਰੁਖ਼ ਖਾਨ ਦੇ ਸਾਰੇ ਕਿਰਦਾਰਾਂ ਨੂੰ ਇਕ ਫ੍ਰੇਮ ਵਿਚ ਮਿਲਾ ਕੇ ਇਕ ਨਵਾਂ ਪੋਸਟਰ ਪੇਸ਼ ਕੀਤਾ ਗਿਆ ਹੈ, ਜੋ ਫ਼ਿਲਮ ਰਾਹੀਂ ਪੰਜ ਵੱਖ-ਵੱਖ ਪ੍ਰਦਰਸ਼ਿਤ ਰੂਪਾਂ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕਰ ਰਿਹਾ ਹੈ। ‘ਜਵਾਨ’ ਦਰਸ਼ਕਾਂ ਨੂੰ ਸ਼ਾਹਰੁਖ਼ ਦੇ ਵੱਖ -ਵੱਖ ਰੂਪ ਨਾਲ ਜਾਣੂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ‘ਜਵਾਨ’ ਐਟਲੀ ਵੱਲੋਂ ਨਿਰਦੇਸ਼ਤ, ਗੌਰੀ ਖਾਨ ਵੱਲੋਂ ਨਿਰਮਿਤ ਅਤੇ ਗੌਰਵ ਵਰਮਾ ਵੱਲੋਂ ਸਹਿ-ਨਿਰਮਿਤ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਪੇਸ਼ਕਾਰੀ ਹੈ। ਇਹ ਫ਼ਿਲਮ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ’ਚ 7 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *