NDA ਜਾਂ I.N.D.I.A., ਕਿਸ ਗੱਠਜੋੜ ਦਾ ਹਿੱਸਾ ਬਣੇਗਾ ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ/ਨਵੀਂ ਦਿੱਲੀ : ਅੱਜ ਮੁੰਬਈ ਵਿਚ ਵਿਰੋਧੀ ਧਿਰਾਂ ਦੇ ਮਹਾਗੱਠਜੋੜ ‘I.N.D.I.A.’ ਦੀ ਮੀਟਿੰਗ ਹੋਣ ਜਾ ਰਹੀ ਹੈ। ਹੁਣ ਤਕ 26 ਪਾਰਟੀਆਂ ਇਸ ਮਹਾਗੱਠਜੋੜ ਦਾ ਹਿੱਸਾ ਹਨ ਜੋ ਭਾਜਪਾ ਦੀ ਅਗਵਾਈ ਵਾਲੇ NDA ਗੱਠਜੋੜ ਦੇ ਖ਼ਿਲਾਫ਼ 2024 ਵਿਚ ਚੋਣਾਂ ਲੜਣ ਲਈ ਇਕਜੁੱਟ ਹੋਈਆਂ ਹਨ। ਬੀਤੇ ਦਿਨੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮੀਟਿੰਗ ਵਿਚ ਸੱਦਾ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਤਾਂ ਇਸ ਨਾਲ ਪੰਜਾਬ ਵਿਚ ਨਹੀਂ ਸਿਆਸੀ ਚਰਚਾ ਛਿੜ ਗਈ ਕਿ ਕੀ ਸ਼੍ਰੋਮਣੀ ਅਕਾਲੀ ਦਲ ‘I.N.D.I.A.’ ਗੱਠਜੋੜ ਵਿਚ ਸ਼ਾਮਲ ਹੋ ਕੇ ਆਪਣੇ ਪੁਰਾਣੇ ਸਾਥੀ ਭਾਜਪਾ ਦੇ ਖ਼ਿਲਾਫ਼ ਚੋਣ ਮੈਦਾਨ ਵਿਚ ਉਤਰੇਗੀ। ਇਸ ਵਿਚਾਲੇ ਹੁਣ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਮਹਾਗੱਠਜੋੜ ਵਿਚ ਸ਼ਾਮਲ ਹੋਣ ਬਾਰੇ ਪੁੱਛੇ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਸਾਹਮਣੇ ਅਗਲੀਆਂ ਲੋਕ ਸਭਾ ਚੋਣਾਂ ਲਈ ਬਹੁਤ ਸਾਰੇ ਵਿਕਲਪ ਖੁੱਲ੍ਹੇ ਹਨ। ਅਸੀਂ ਉਹੀ ਕਰਾਂਗੇ ਜੋ ਪੰਜਾਬ ਅਤੇ ਪੰਜਾਬੀਆਂ ਦੇ ਅਨੁਕੂਲ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਉਸ ਗੱਠਜੋੜ ਵਿਚ ਜਾਵਾਂਗੇ ਜਿਸ ਨਾਲ ਪੰਜਾਬ ਨੂੰ ਸਭ ਤੋਂ ਵੱਧ ਫ਼ਾਇਦਾ ਹੋਵੇ। ਉਨ੍ਹਾਂ ਕਿਹਾ ਕਿ ਜਿਹੜੇ ਗੱਠਜੋੜ ਉੱਪਰ ਹੋ ਰਹੇ ਹਨ, ਉਨ੍ਹਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਕਾਂਗਰਸ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਉਸ ਨੇ ਸਾਡਾ ਕਤਲੇਆਮ ਵੀ ਕੀਤਾ ਹੈ।

ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਬੁੱਧਵਾਰ ਨੂੰ ਮੁੰਬਈ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੇ ਦੋ ਦਿਨਾਂ ਵਿਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਾਰਟੀਆਂ ਦੀ ਗਿਣਤੀ, ਆਤਮਵਿਸ਼ਵਾਸ ਦਾ ਪੱਧਰ ਤੇ ਮਨੋਬਲ ਵੱਧ ਰਿਹਾ ਹੈ। ਇਸ ਨਾਲ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਧਿਰ ਵਿਚ ਡਰ ਦਾ ਮਾਹੌਲ ਹੈ। ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਮਹਾਗੱਠਜੋੜ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਦੇ ਸਵਾਲ ‘ਤੇ ਖੇੜਾ ਨੇ ਕਿਹਾ ਕਿ ‘ਇੰਡੀਆ’ ਵਿਚ ਪਾਰਟੀਆਂ ਦੀ ਗਿਣਤੀ 26 ਤੋਂ ਵੱਧ ਕੇ 28 ਹੋ ਗਈ ਹੈ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਪਾਰਟੀਆਂ ਸਾਡੇ ਨਾਲ ਜੁੜਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਹੋਰ ਪਾਰਟੀਆਂ ਵੀ ਜੋ ਫ਼ਿਲਹਾਲ ਐੱਨ.ਡੀ.ਏ. ਦੇ ਨਾਲ ਹਨ, ਉਹ ਵੀ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਹੋਣਗੀਆਂ।

Add a Comment

Your email address will not be published. Required fields are marked *