ਏਸ਼ੀਆ ਕੱਪ ਅੱਜ ਤੋਂ : ਭਾਰਤ-ਪਾਕਿ ਵਿਚਾਲੇ ਤਿੰਨ ਮੈਚਾਂ ਦੀ ਸੰਭਾਵਨਾ

ਕੋਲੰਬੋ – ਮੁਲਤਾਨ ’ਚ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ’ਚ ਭਾਰਤ ਤੇ ਪਾਕਿਸਤਾਨ ਦੇ ਬੇਤਾਬ ਦਰਸ਼ਕਾਂ ਨੂੰ ਦੋਵੇਂ ਦੇਸ਼ਾਂ ਵਿਚਾਲੇ ਤਿੰਨ ‘ਹਾਈ ਵੋਲਟੇਜ਼’ ਮੁਕਾਬਲੇ ਦੇਖਣ ਨੂੰ ਮਿਲ ਸਕਦੇ ਹਨ ਜਦਕਿ 5 ਟੀਮਾਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਣ ਦਾ ਆਖਰੀ ਮੌਕਾ ਵੀ ਮਿਲੇਗਾ। ਇਹ ਅਜਿਹਾ ਟੂਰਨਾਮੈਂਟ ਹੈ, ਜਿਹੜਾ ਅਕਸਰ ਪਿਛਲੇ ਇਕ ਦਹਾਕੇ ’ਚ ਦੋ-ਪੱਖੀ ਮੁਕਾਬਲਿਆਂ ਦੀ ਵਧਦੀ ਗਿਣਤੀ ਤੇ ਟੀ-20 ਕ੍ਰਿਕਟ ਦੀ ਘਟਦੀ ਪ੍ਰਸਿੱਧੀ ਵਿਚ ਅਕਸ ਬਚਾਉਣ ਲਈ ਜੂਝਦਾ ਰਿਹਾ ਹੈ ਪਰ ਇਸ ਵਾਰ ਇਹ ਸਾਰੀਆਂ ਟੀਮਾਂ ਦੇ ‘ਥਿੰਕ ਟੈਂਕ’ ਦਾ ਅਹਿਮ ਹਿੱਸਾ ਦਿਸ ਰਿਹਾ ਹੈ। ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਤੋਂ ਪਹਿਲਾਂ ਇਹ ਨੇਪਾਲ ਨੂੰ ਛੱਡ ਕੇ ਹੋਰਨਾਂ 5 ਟੀਮਾਂ ਕੋਲ ਖਿਡਾਰੀਆਂ ਨੂੰ ਲੈ ਕੇ ਕੁਝ ਸਵਾਲਾਂ ਦੇ ਜਵਾਬ ਲੱਭਣ ਦਾ ਆਖਰੀ ਮੌਕਾ ਹੋਵੇਗਾ। ਨਿਸ਼ਚਿਤ ਰੂਪ ਨਾਲ ਵਿਸ਼ਵ ਪੱਧਰੀ ਟੂਰਨਾਮੈਂਟ ਤੋਂ ਪਹਿਲਾਂ ਕੁਝ ਦੋ-ਪੱਖੀ ਤੇ ਅਭਿਾਸ ਮੈਚ ਕਰਵਾਏ ਜਾਣਗੇ ਪਰ ਸ਼੍ਰੀਲੰਕਾ ਤੇ ਪਾਕਿਸਤਾਨ ਵਿਚ ਖੇਡੇ ਜਾਣ ਵਾਲੇ ਏਸ਼ੀਆ ਕੱਪ ਤੋਂ ਸਾਰੀਆਂ ਟੀਮਾਂ ਨੂੰ ਕਈ ਦੇਸ਼ਾਂ ਦੇ ਟੂਰਨਾਮੈਂਟ ਦਾ ਮਾਹੌਲ ਮਿਲੇਗਾ, ਜਿਹੜਾ ਤਕਰੀਬਨ-ਤਕਰੀਬਨ ਵਿਸ਼ਵ ਕੱਪ ਵਰਗਾ ਹੋਵੇਗਾ।

ਭਾਰਤੀ ਟੀਮ 7 ਵਾਰ ਦੀ ਚੈਂਪੀਅਨ ਦੇ ਤੌਰ ’ਤੇ ਏਸ਼ੀਆ ਕੱਪ ’ਚ ਉਤਰੇਗੀ, ਜਿਹੜੇ ਕਿਸੇ ਵੀ ਟੀਮ ਦੇ ਸਭ ਤੋਂ ਵੱਧ ਖਿਤਾਬ ਹਨ ਪਰ ਟੀਮ ਦੀ ਪ੍ਰਮੁੱਖਤਾ 8ਵਾਂ ਖਿਤਾਬ ਆਪਣੀ ਝੋਲੀ ਵਿਚ ਪਾਉਣ ਦੀ ਨਹੀਂ ਹੋਵੇਗੀ ਸਗੋਂ ਮੁੱਖ ਕੋਚ ਰਾਹੁਲ ਦ੍ਰਾਵਿੜ ਤੇ ਕਪਤਾਨ ਰੋਹਿਤ ਸ਼ਰਮਾ ਵਿਸ਼ਵ ਕੱਪ ਤੋਂ ਪਹਿਲਾਂ ਬੱਲੇਬਾਜ਼ੀ ਕ੍ਰਮ ਦੇ ਕੁਝ ਸਥਾਨਾਂ ’ਤੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਣਾ ਚਾਹੁਣਗੇ। ਜੇਕਰ ਟੀਮ ਟੂਰਨਾਮੈਂਟ ਦੀ ਟਰਾਫੀ ਜਿੱਤ ਲੈਂਦੀ ਹੈ ਤਾਂ ਇਹ ਖਿਡਾਰੀਆਂ ਦੇ ਮਨੋਬਲ ਲਈ ਫਾਇਦੇਮੰਦ ਰਹੇਗਾ।

ਏਸ਼ੀਆ ਕੱਪ ’ਚ ਭਾਰਤ ਸਭ ਤੋਂ ਮਜ਼ਬੂਤ ਦਾਅਵੇਦਾਰ ਰਹਿੰਦਾ ਹੈ ਪਰ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਤੇ ਅਫਗਾਨਿਸਤਾਨ ਵੀ ਆਪਣੀ ਤਾਕਤ ਦਿਖਾਉਣ ਲਈ ਉਤਾਵਲੇ ਹੋਣਗੇ। ਸ਼੍ਰੀਲੰਕਾ ਦੀ ਟੀਮ ਛੇ ਵਾਰ ਏਸ਼ੀਆ ਕੱਪ ਜਿੱਤ ਚੁੱਕੀ ਹੈ ਪਰ ਅਜੇ ਉਹ ਪੂਰੀ ਟੀਮ ਜੁਟਾਉਣ ਲਈ ਜੂਝ ਰਹੀ ਹੈ ਕਿਉਂਕਿ ਦੁਸ਼ਮੰਤਾ ਚਾਮੀਰਾ, ਵਾਨਿੰਦੂ ਹਸਰੰਗਾ, ਲਾਹਿਰੂ ਕੁਮਾਰਾ ਤੇ ਦਿਲਸ਼ਾਨ ਮਧੂਸ਼ਨਾਕਾ ਜ਼ਖ਼ਮੀ ਹਨ। ਇਨ੍ਹਾਂ ਅਹਿਮ ਗੇਂਦਬਾਜ਼ਾਂ ਦੀ ਗੈਰ-ਹਾਜ਼ਰੀ ਸ਼੍ਰੀਲੰਕਾ ਲਈ ਚਿੰਤਾਜਨਕ ਹੋਵੇਗੀ ਕਿਉਂਕਿ ਉਹ ਲੰਬੇ ਸਮੇਂ ਤਕ ਕ੍ਰਿਕਟ ਤੋਂ ਦੂਰ ਰਹਿ ਸਕਦੇ ਹਨ।

ਬੰਗਲਾਦੇਸ਼ ਦੀ ਤਿਆਰੀ ਜ਼ਖ਼ਮੀ ਖਿਡਾਰੀਆਂ ਦੀ ਸਮੱਸਿਆ ਤੋਂ ਪ੍ਰਭਾਵਿਤ ਰਹੀ ਹੈ ਕਿਉਂਕਿ ਤਮੀਮ ਇਕਬਾਲ ਤੇ ਇਬਾਦਤ ਹੁਸੈਨ ਜ਼ਖ਼ਮੀ ਹੋਣ ਕਾਰਨ ਬਾਹਰ ਹੋ ਗਏ ਹਨ, ਜਿਸ ਨਾਲ 6 ਸਾਲ ਦੇ ਫਰਕ ਤੋਂ ਬਾਅਦ ਸ਼ਾਕਿਬ ਅਲ ਹਸਨ ਨੂੰ ਵਨ ਡੇ ’ਚ ਕਪਤਾਨ ਬਣਾਇਆ ਗਿਆ ਹੈ। ਹੋਰਨਾਂ ਟੀਮਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਪਾਕਿਸਤਾਨ ਇਕ ਸੰਤੁਲਿਤ ਇਕਾਈ ਦਿਸਦੀ ਹੈ, ਉਹ ਇੱਥੇ ਖਿਤਾਬ ਜਿੱਤਣ ਦੀ ਕੋਸ਼ਿਸ਼ ’ਚ ਹੋਵੇਗੀ ਤੇ ਇਸ ਨਾਲ ਉਸਦੀ ਵਿਸ਼ਵ ਕੱਪ ਮੁਹਿੰਮ ’ਚ ਆਤਮਵਿਸ਼ਵਾਸ ਵਧੇਗਾ। ਬਾਬਰ ਆਜ਼ਮ ਦੀ ਅਗਵਾਈ ’ਚ ਪਾਕਿਸਤਾਨ ਦੀ ਟੀਮ ਹਾਲ ਹੀ ਵਿਚ ਅਫਗਾਨਿਸਤਾਨ ’ਤੇ 3-0 ਦੀ ਜਿੱਤ ਨਾਲ ਆਈ. ਸੀ. ਸੀ. ਵਨ ਡੇ ਰੈਂਕਿੰਗ ’ਚ ਚੋਟੀ ’ਤੇ ਪਹੁੰਚ ਗਈ ਹੈ ਤੇ ਟੀਮ ਸਹੀ ਸਮੇਂ ’ਤੇ ਚੋਟੀ ਵੱਲ ਵੱਧ ਰਹੀ ਹੈ। 

Add a Comment

Your email address will not be published. Required fields are marked *