‘INDIA’ ਗਠਜੋੜ ਦੀਆਂ ਚਰਚਾਵਾਂ ਦੌਰਾਨ ਮਾਇਆਵਤੀ ਦਾ ਵੱਡਾ ਐਲਾਨ

ਲਖਨਊ – ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਬੁੱਧਵਾਰ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਚਾਰ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੀਆਂ ਲੋਕ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਕੀਤਾ ਹੈ। ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਲੜੀਵਾਰ ਟਵੀਟ ਕਰਦੇ ਹੋਏ ਮਾਇਆਵਤੀ ਨੇ ਕਿਹਾ,”ਐੱਨਡੀਏ (ਭਾਜਪਾ ਦੀ ਅਗਵਾਈ ਵਾਲਾ ਰਾਸ਼ਟਰੀ ਲੋਕਤੰਤਰੀ ਗਠਜੋੜ) ਅਤੇ ਇੰਡੀਆ (ਵਿਰੋਧੀ ਦਲਾਂ ਦਾ ਗਠਜੋੜ ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ) ਗਠਜੋੜ ਜ਼ਿਆਦਾਤਰ ਗਰੀਬ ਵਿਰੋਧੀ, ਜਾਤੀਵਾਦੀ, ਫਿਰਕਾਪ੍ਰਸਤ, ਧੰਨਾ ਸੇਠ ਪੱਖੀ ਅਤੇ ਪੂੰਜੀਵਾਦੀ ਨੀਤੀਆਂ ਵਾਲੀਆਂ ਪਾਰਟੀਆਂ ਹਨ, ਜਿਨ੍ਹਾਂ ਦੀਆਂ ਨੀਤੀਆਂ ਵਿਰੁੱਧ ਬਸਪਾ ਲਗਾਤਾਰ ਸੰਘਰਸ਼ ਕਰ ਰਹੀ ਹੈ ਅਤੇ ਇਸ ਲਈ ਉਨ੍ਹਾਂ ਨਾਲ ਗਠਜੋੜ ਕਰਕੇ ਚੋਣਾਂ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ ਮੀਡੀਆ ਨੂੰ ਅਪੀਲ ਹੈ- ਨੋ ਫੇਕ ਨਿਊਜ਼ ਪਲੀਜ਼।” ਉਨ੍ਹਾਂ ਨੇ ਇਕ ਹੋਰ ਪੋਸਟ ਵਿਚ ਕਿਹਾ,”ਬਸਪਾ, ਵਿਰੋਧੀਆਂ ਦੇ ਜੁਗਾੜ/ਜੋੜ-ਤੋੜ ਤੋਂ ਜ਼ਿਆਦਾ ਸਮਾਜ ਦੇ ਟੁੱਟੇ/ਬਿਖੇ ਹੋਏ ਕਰੋੜਾਂ ਲੋਕਾਂ ਨੂੰ ਆਪਸੀ ਭਾਈਚਾਰੇ ਦੇ ਆਧਾਰ ‘ਤੇ ਜੋੜ ਕੇ ਉਨ੍ਹਾਂ ਦੇ ਗਠਜੋੜ ਨਾਲ 2007 ਦੀ ਤਰ੍ਹਾਂ ਇਕੱਲੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਚਾਰ ਰਾਜਾਂ ‘ਚ ਵਿਧਾਨ ਸਭਾ ਚੋਣਾਂ ਲੜੇਗੀ।”

ਮਾਇਆਵਤੀ ਨੇ ਅੱਗੇ ਕਿਹਾ,”ਉਂਝ ਤਾਂ ਬਸਪਾ ਨਾਲ ਗਠਜੋੜ ਲਈ ਇੱਥੇ ਸਾਰੇ ਉਤਸੁਕ ਹਨ ਪਰ ਅਜਿਹਾ ਨਾ ਕਰਨ ‘ਤੇ ਵਿਰੋਧੀ ਦਲਾਂ ਵਲੋਂ ਭਾਜਪਾ ਨਾਲ ਮਿਲੀਭਗਤ ਦੇ ਦੋਸ਼ ਲਗਾਏ ਜਾਂਦੇ ਹਨ। ਇਨ੍ਹਾਂ ਨਾਲ ਮਿਲ ਜਾਓ ਤਾਂ ਸੈਕਿਊਲਰ, ਨਾ ਮਿਲੇ ਤਾਂ ਭਾਜਪਾਈ। ਇਹ ਬਹੁਤ ਅਣਉੱਚਿਤ ਹੈ ਅਤੇ ਅੰਗੂਰ ਮਿਲ ਜਾਣ ਤਾਂ ਠੀਕ ਨਹੀਂ ਤਾਂ ਅੰਗੂਰ ਖੱਟੇ ਹਨ ਦੀ ਕਹਾਵਤ ਵਰਗਾ ਹੈ।” ਉਨ੍ਹਾਂ ਨੇ ਇਸੇ ਸਿਲਸਿਲੇ ‘ਚ ਕੀਤੇ ਗਏ ਇਕ ਹੋਰ ਪੋਸਟ ‘ਚ ਮੰਗਲਵਾਰ ਨੂੰ ਬਸਪਾ ਤੋਂ ਬਰਖ਼ਾਸਤ ਕੀਤੇ ਗਏ ਸਾਬਕਾ ਵਿਧਾਇਕ ਇਮਰਾਨ ਮਸੂਦ ਵੱਲ ਇਸ਼ਾਰਾ ਕਰਦੇ ਹੋਏ ਕਿਹਾ,”ਬਸਪਾ ਤੋਂ ਕੱਢੇ ਜਾਣ ‘ਤੇ ਸਹਾਰਨਪੁਰ ਦੇ ਸਾਬਕਾ ਵਿਧਾਇਕ ਕਾਂਗਰਸ ਅਤੇ ਉਸ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਪ੍ਰਸ਼ੰਸਾ ‘ਚ ਰੁਝੇ ਹਨ, ਜਿਸ ਕਾਰਨ ਲੋਕਾਂ ‘ਚ ਇਹ ਸਵਾਲ ਸੁਭਾਵਿਕ ਹੈ ਕਿ ਉਨ੍ਹਾਂ ਨੇ ਪਹਿਲੇ ਇਹ ਪਾਰਟੀ ਛੱਡੀ ਕਿਉਂ ਅਤੇ ਫਿਰ ਦੂਜੀ ਪਾਰਟੀ ‘ਚ ਗਏ ਹੀ ਕਿਉਂ? ਅਜਿਹੇ ਲੋਕਾਂ ‘ਤੇ ਜਨਤਾ ਕਿਵੇਂ ਭਰੋਸਾ ਕਰੇ?” ਦੱਸਣਯੋਗ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਰਾਜਗ ਨੂੰ ਆਉਣ ਵਾਲੀ ਲੋਕ ਸਭਾ ਚੋਣਾਂ ‘ਚ ਹਰਾਉਣ ਲਈ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਦਲਾਂ ਨੇ ‘ਇੰਡੀਆ’ ਨਾਮ ਨਾਲ ਗਠਜੋੜ ਬਣਾਇਆ ਹੈ। ਮਾਇਆਵਤੀ ਨੇ ਸ਼ੁਰੂ ਤੋਂ ਹੀ ਇਸ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

Add a Comment

Your email address will not be published. Required fields are marked *