ਮੋਦੀ ਨੇ ਸੂਡਾਨ ’ਚ ਫਸੇ ਭਾਰਤੀਆਂ ਬਾਰੇ ਲਈ ਜਾਣਕਾਰੀ

ਨਵੀਂ ਦਿੱਲੀ, 21 ਅਪਰੈਲ-: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਚ ਪੱਧਰੀ ਮੀਟਿੰਗ ਕਰਕੇ ਹਿੰਸਾ ਪ੍ਰਭਾਵਿਤ ਸੂਡਾਨ ’ਚ ਭਾਰਤੀਆਂ ਦੇ ਹਾਲਾਤ ਦੀ ਸਮੀਖਿਆ ਕੀਤੀ। ਵਰਚੁਅਲੀ ਹੋਈ ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਹਵਾਈ ਫ਼ੌਜ ਅਤੇ ਜਲ ਸੈਨਾ ਦੇ ਮੁਖੀ, ਵਿਦੇਸ਼ ਤੇ ਰੱਖਿਆ ਮੰਤਰਾਲੇ ਦੇ ਸਿਖਰਲੇ ਅਧਿਕਾਰੀ ਅਤੇ ਸੀਨੀਅਰ ਕੂਟਨੀਤਕ ਹਾਜ਼ਰ ਸਨ। ਜੈਸ਼ੰਕਰ ਇਸ ਸਮੇਂ ਗੁਆਨਾ ਦੇ ਦੌਰੇ ’ਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਡਾਨ ਦੇ ਹਾਲਾਤ ’ਤੇ ਨੇੜਿਉਂ ਨਜ਼ਰ ਰੱਖਣ ਅਤੇ ਚੌਕਸ ਰਹਿਣ। ਉਨ੍ਹਾਂ ਉਥੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਮੁਲਾਂਕਣ ਕਰਨ ਲਈ ਵੀ ਕਿਹਾ। ਸ੍ਰੀ ਮੋਦੀ ਨੇ ਅਧਿਕਾਰੀਆਂ ਨੂੰ ਤੇਜ਼ੀ ਨਾਲ ਬਦਲਦੇ ਸੁਰੱਖਿਆ ਹਾਲਾਤ ਅਤੇ ਵੱਖ ਵੱਖ ਬਦਲਾਂ ਦੀ ਵਿਹਾਰਕਤਾ ਨੂੰ ਧਿਆਨ ’ਚ ਰਖਦਿਆਂ ਹੰਗਾਮੀ ਹਾਲਾਤ ’ਚ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੀ ਯੋਜਨਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਬਿਆਨ ’ਚ ਕਿਹਾ ਗਿਆ ਕਿ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਸੂਡਾਨ ’ਚ ਇਕ ਭਾਰਤੀ ਨਾਗਰਿਕ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਸੂਡਾਨ ਦੇ ਨਾਲ ਨਾਲ ਖ਼ਿੱਤੇ ਦੇ ਗੁਆਂਢੀ ਮੁਲਕਾਂ ਨਾਲ ਵੀ ਸੰਪਰਕ ਬਣਾਈ ਰੱਖਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਜਿਥੇ ਵੱਡੀ ਗਿਣਤੀ ’ਚ ਭਾਰਤੀ ਵਸਦੇ ਹਨ। ਭਾਰਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਸੂਡਾਨ ’ਚ ਭਾਰਤੀਆਂ ਦੀ ਸੁਰੱਖਿਆ ਤੇ ਸਲਾਮਤੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੂੰ ਸੂਡਾਨ ’ਚੋਂ ਸੁਰੱਖਿਅਤ ਕੱਢਣ ਬਾਰੇ ਵੀ ਵਿਚਾਰਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਸੀ ਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਮਰੀਕਾ, ਬ੍ਰਿਟੇਨ, ਸਾਊਦੀ ਅਰਬ ਅਤੇ ਮਿਸਰ ਸਮੇਤ ਵੱਖ ਵੱਖ ਮੁਲਕਾਂ ਨਾਲ ਤਾਲਮੇਲ ਬਣਾਇਆ ਹੋਇਆ ਹੈ। ਸੂਡਾਨ ਦੀ ਰਾਜਧਾਨੀ ਖਰਤੂਮ ਸਮੇਤ ਦੇਸ਼ ਦੇ ਹੋਰ ਹਿੱਸਿਆਂ ’ਚ ਹੋਈ ਹਿੰਸਾ ਦੌਰਾਨ ਇਕ ਭਾਰਤੀ ਸਮੇਤ 300 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਸੂਡਾਨ ਦੀ ਫ਼ੌਜ ਤੇ ਨੀਮ ਫ਼ੌਜੀ ਬਲ ਰੈਪਿਡ ਸਪੋਰਟ ਫੋਰਸਿਜ਼ ਵਿਚਾਲੇ ਟਕਰਾਅ ਕਾਰਨ ਦੇਸ਼ ਦੇ ਹਾਲਾਤ ਵਿਗੜੇ ਹਨ।

Add a Comment

Your email address will not be published. Required fields are marked *