ਸ਼ਾਹਰੁਖ ਦੇ ਘਰ ਦੇ ਬਾਹਰ ਪਹੁੰਚੇ ਪ੍ਰਦਰਸ਼ਨਕਾਰੀ, ਮੁੰਬਈ ਪੁਲਸ ਨੇ ਵਧਾਈ ਸੁਰੱਖਿਆ

ਮੁੰਬਈ – ਬਾਲੀਵੁੱਡ ਦੇ ਬਾਦਸ਼ਾਹ ਮੰਨੇ ਜਾਣ ਵਾਲੇ ਸ਼ਾਹਰੁਖ ਖ਼ਾਨ ਨੂੰ ਵੱਡੇ ਪਰਦੇ ’ਤੇ ਦੇਖਣ ਲਈ ਲੱਖਾਂ ਪ੍ਰਸ਼ੰਸਕ ਉਡੀਕ ਕਰ ਰਹੇ ਹਨ। ਫ਼ਿਲਮ ‘ਜਵਾਨ’ ਨਾਲ ਸ਼ਾਹਰੁਖ ਇਕ ਵਾਰ ਮੁੜ ਸਿਲਵਰ ਸਕ੍ਰੀਨ ’ਤੇ ਐਕਸ਼ਨ ਦਾ ਜਲਵਾ ਦਿਖਾਉਣ ਜਾ ਰਹੇ ਹਨ। ਇਸ ਦੌਰਾਨ ਕੁਝ ਲੋਕ ਮੰਨਤ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ ਸਨ, ਜਿਨ੍ਹਾਂ ਨੂੰ ਮੁੰਬਈ ਪੁਲਸ ਨੇ ਰੋਕ ਦਿੱਤਾ। ਆਖਿਰ ਸਭ ਦੇ ਚਹੇਤੇ ਸ਼ਾਹਰੁਖ ਨਾਲ ਲੋਕਾਂ ਦਾ ਕੀ ਗੁੱਸਾ ਹੈ ਤੇ ਉਨ੍ਹਾਂ ਦੇ ਘਰ ਦੇ ਬਾਹਰ ਕਿਉਂ ਹੋ ਰਿਹਾ ਹੈ ਵਿਰੋਧ, ਆਓ ਜਾਣਦੇ ਹਾਂ?

ਅਸਲ ’ਚ ਕੁਝ ਲੋਕ ਆਨਲਾਈਨ ਗੇਮਿੰਗ ਐਪਸ ਤੇ ਜੂਏ ਨੂੰ ਪ੍ਰਮੋਟ ਕਰਨ ’ਤੇ ਸ਼ਾਹਰੁਖ ਖ਼ਾਨ ਤੋਂ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰਚਾਰ ਨਾਲ ਨੌਜਵਾਨ ਪੀੜ੍ਹੀ ਨੂੰ ਗਲਤ ਸੁਨੇਹਾ ਜਾਂਦਾ ਹੈ। ਇਸੇ ਕਾਰਨ ਕੁਝ ਲੋਕਾਂ ਨੇ ਸ਼ਾਹਰੁਖ ਖ਼ਾਨ ਦੇ ਘਰ (ਮੰਨਤ) ਦੇ ਬਾਹਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਮੁੰਬਈ ਨੇ ‘ਮੰਨਤ’ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ।

ਸ਼ਨੀਵਾਰ ਦੁਪਹਿਰ ਨੂੰ ਇਕ ਨਿੱਜੀ ਸੰਗਠਨ ਅਨਟਚ ਯੂਥ ਫਾਊਂਡੇਸ਼ਨ ਨੇ ਸ਼ਾਹਰੁਖ ਖ਼ਾਨ ’ਤੇ ‘ਆਨਲਾਈਨ ਜੂਏ’ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਉਂਦਿਆਂ ਉਸ ਦੇ ਖ਼ਿਲਾਫ਼ ਪ੍ਰਦਰਸ਼ਨ ਦਾ ਐਲਾਨ ਕੀਤਾ। ਸੋਸ਼ਲ ਮੀਡੀਆ ਤੇ ਹੋਰ ਮੈਸੇਜਿੰਗ ਐਪਸ ਰਾਹੀਂ ਇਹ ਸੰਦੇਸ਼ ਫੈਲਾਇਆ ਗਿਆ ਸੀ ਕਿ ਆਨਲਾਈਨ ਜੂਏ ਦੇ ਪ੍ਰਚਾਰ ਦੇ ਖ਼ਿਲਾਫ਼ ਸ਼ਾਹਰੁਖ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ।

ਸ਼ਨੀਵਾਰ ਨੂੰ ਲੋਕ ਅਨਟਚ ਇੰਡੀਆ ਫਾਊਂਡੇਸ਼ਨ ਦੀ ਤਰਫੋਂ ਵਿਰੋਧ ਪ੍ਰਦਰਸ਼ਨ ਕਰਨ ਲਈ ਸ਼ਾਹਰੁਖ ਖ਼ਾਨ ਦੇ ਘਰ ਦੇ ਬਾਹਰ ਪਹੁੰਚਣ ਵਾਲੇ ਸਨ ਪਰ ਪੁਲਸ ਨੇ ਇੰਤਜ਼ਾਮ ਵਧਾ ਦਿੱਤਾ ਤੇ ਸਾਰਿਆਂ ਨੂੰ ਹਿਰਾਸਤ ’ਚ ਲੈ ਕੇ ਬਾਂਦਰਾ ਥਾਣੇ ਲੈ ਗਈ। ਇਹ ਰੋਸ ਪ੍ਰਦਰਸ਼ਨ ਅਨਟਚ ਇੰਡੀਆ ਫਾਊਂਡੇਸ਼ਨ ਨਾਂ ਦੀ ਸਮਾਜਿਕ ਸੰਸਥਾ ਦੇ ਪ੍ਰਧਾਨ ਕ੍ਰਿਸ਼ਨਚੰਦਰ ਅਦਲ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਸੀ।

ਕ੍ਰਿਸ਼ਨਚੰਦਰ ਅਦਲ ਨੇ ਕਿਹਾ ਕਿ ਸ਼ਾਹਰੁਖ ਵਰਗੇ ਵੱਡੇ ਸਟਾਰ ਦੀਆਂ ਗੱਲਾਂ ਲੋਕ ਸੁਣਦੇ ਹਨ। ਉਹ ਕਈ ਗੈਂਬਲਿੰਗ ਐਪਸ ਦਾ ਪ੍ਰਚਾਰ ਕਰਦੇ ਹਨ, ਜਿਨ੍ਹਾਂ ਦਾ ਨੌਜਵਾਨ ਪੀੜ੍ਹੀ ’ਤੇ ਗਲਤ ਪ੍ਰਭਾਵ ਪੈਂਦਾ ਹੈ। ਇਸ ਲਈ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਜਿਹੇ ਜੂਏਬਾਜ਼ ਐਪਸ ਦਾ ਪ੍ਰਚਾਰ ਨਾ ਕਰੋ, ਨਹੀਂ ਤਾਂ ਸਾਨੂੰ ਵਾਰ-ਵਾਰ ਵਿਰੋਧ ਕਰਨਾ ਪਵੇਗਾ। ਅਦਲ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪੁਲਸ ਛੋਟੇ ਬੱਚਿਆਂ ਨੂੰ ਜੂਆ ਖੇਡਦੇ ਦੇਖਦੀ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ, ਜਦਕਿ ਵੱਡੇ ਸਟਾਰ ਇਹ ਜਾਣਦਿਆਂ ਵੀ ਅਜਿਹੀਆਂ ਗੱਲਾਂ ਦਾ ਪ੍ਰਚਾਰ ਕਰਦੇ ਹਨ ਕਿ ਇਹ ਸਭ ਗਲਤ ਹੈ।

Add a Comment

Your email address will not be published. Required fields are marked *