ਪ੍ਰਿਯੰਕਾ ਨੂੰ ਵਾਰਾਨਸੀ ਤੋਂ ਚੋਣ ਲੜਾਉਣਾ ਚਾਹੁੰਦੀ ਹੈ ਕਾਂਗਰਸ
![](http://mehakewattan.com/wp-content/uploads/2023/08/113088cd-_priyanka-gandhi-1.jpg)
ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਰਾਏ ਨੇ ਅੱਜ ਕਿਹਾ ਕਿ ਯੂਪੀ ਕਾਂਗਰਸ ਕਮੇਟੀ ਪਾਰਟੀ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਵਾਰਾਨਸੀ ਤੋਂ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ ਅਤੇ ਇਸ ਸਬੰਧੀ ਤਜਵੀਜ਼ ਜਲਦੀ ਹੀ ਪਾਰਟੀ ਲੀਡਰਸ਼ਿਪ ਨੂੰ ਭੇਜੀ ਜਾਵੇਗੀ।
ਜ਼ਿਕਰਯੋਗ ਹੈ ਕਿ ਰਾਏ 2014 ਤੇ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 2009 ’ਚ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਤੋਂ ਇੱਥੋਂ ਲੋਕ ਸਭਾ ਚੋਣ ਹਾਰ ਚੁੱਕੇ ਹਨ। ਰਾਏ ਜੋ ਕਿ ਪਿੱਛੇ ਜਿਹੇ ਯੂਪੀ ਕਾਂਗਰਸ ਦੇ ਸੂਬਾ ਪ੍ਰਧਾਨ ਬਣੇ ਹਨ, ਨੇ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਪ੍ਰਿਯੰਕਾ ਗਾਂਧੀ ਵਾਰਾਨਸੀ ਤੋਂ ਲੋਕ ਸਭਾ ਚੋਣ ਲੜਨ। ਇਸ ਲਈ ਅਸੀਂ ਜਲਦੀ ਹੀ ਇੱਕ ਤਜਵੀਜ਼ ਪਾਰਟੀ ਲੀਡਰਸ਼ਿਪ ਨੂੰ ਭੇਜਾਂਗੇ।’ ਉਨ੍ਹਾਂ ਕਿਹਾ, ‘ਪ੍ਰਿਯੰਕਾ ਗਾਂਧੀ ਜਿੱਥੋਂ ਚਾਹੁਣ ਲੋਕ ਸਭਾ ਚੋਣ ਲੜ ਸਕਦੇ ਹਨ ਅਤੇ ਉਨ੍ਹਾਂ ਦੀ ਜਿੱਤ ਲਈ ਪੂਰੀ ਜਾਨ ਲੜਾ ਦੇਵਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਉਹ ਵਾਰਾਨਸੀ ਤੋਂ ਚੋਣ ਲੜਨ।’ ਇੱਥੇ ਦੱਸਣਾ ਬਣਦਾ ਹੈ ਕਿ ਵਾਰਾਨਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਹਲਕਾ ਹੈ ਅਤੇ ਉਹ ਦੋ ਵਾਰ ਇੱਥੋਂ ਚੋਣ ਜਿੱਤ ਚੁੱਕੇ ਹਨ ਤੇ ਉਨ੍ਹਾਂ ਵੱਲੋਂ 2024 ਦੀਆਂ ਆਮ ਚੋਣਾਂ ਵੀ ਵਾਰਾਨਸੀ ਤੋਂ ਹੀ ਲੜੇ ਜਾਣ ਦੀ ਪੂਰੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਵਾਰਾਨਸੀ ਤੋਂ ਚੋਣ ਲੜਵਾਉਣਾ ਸਿਰਫ਼ ਇਹ ਸੁਨੇਹਾ ਦੇਣਾ ਹੈ ਕਿ ਕੋਈ ਹੈ ਜੋ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਡੱਟ ਕੇ ਖੜ੍ਹਾ ਹੈ। ਵਾਰਾਨਸੀ ਲੋਕ ਸਭਾ ਹਲਕਾ 1991 ਤੋਂ ਭਾਜਪਾ ਦਾ ਮਜ਼ਬੂਤ ਗੜ੍ਹ ਰਿਹਾ ਹੈ ਤੇ ਇੱਥੋਂ ਸਿਰਫ਼ 2004 ਵਿੱਚ ਕਾਂਗਰਸ ਵੱਲੋਂ ਰਾਜੇਸ਼ ਕੁਮਾਰ ਮਿਸ਼ਰਾ ਨੇ ਚੋਣ ਜਿੱਤੀ ਸੀ। ਰਾਹੁਲ ਗਾਂਧੀ ਦੇ ਅਮੇਠੀ ਤੋਂ ਲੋਕ ਸਭਾ ਚੋਣ ਲੜਨ ਦੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ, ‘ਅਮੇਠੀ ਦੇ ਲੋਕ ਮੰਗ ਕਰ ਰਹੇ ਹਨ ਕਿ ਰਾਹੁਲ ਗਾਂਧੀ ਇੱਥੋਂ ਚੋਣ ਲੜਨ। ਇੱਥੋਂ ਦੇ ਲੋਕ ਭਾਜਪਾ ਦੀ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਦੇ ਕੰਮ ਕਰਨ ਦੇ ਢੰਗ ਅਤੇ ਉਨ੍ਹਾਂ ਵੱਲੋਂ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਕਾਰਨ ਨਾਰਾਜ਼ ਹਨ ਤੇ ਲੋਕ ਹੁਣ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਵਾਪਸ ਆਉਣ।’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਉੱਤਰ ਪ੍ਰਦੇਸ਼ ਦੇ ਨਾਲ ਨਾਲ ਕੌਮੀ ਪੱਧਰ ’ਤੇ ਵੀ ਅਗਲੀਆਂ ਲੋਕ ਸਭਾ ਚੋਣਾਂ ਕਾਂਗਰਸ ਦੀ ਅਗਵਾਈ ਹੇਠ ਲੜਨੀਆਂ ਚਾਹੀਦੀਆਂ ਹਨ।ਅਜੈ ਰਾਏ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਕੌਮੀ ਪੱਧਰ ’ਤੇ ਅੱਜ ਵੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)