ਭਗਵੰਤ ਮਾਨ ਦੀ ਧਮਾਕੇਦਾਰ ਸਪੀਚ, “ਇਨਕਲਾਬ ਜ਼ਿੰਦਾਬਾਦ” ਤੋਂ ਭਾਜਪਾ ਭੇਭੀਤ

ਗੁਜਰਾਤ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ “ਇਨਕਲਾਬ ਜ਼ਿੰਦਾਬਾਦ” ਦੇ ਨਾਅਰਿਆਂ ਤੋਂ ਥਰ-ਥਰ ਕੰਬਦੀ ਹੈ। ਅੱਜ ਗੁਜਰਾਤ ਦੇ ਨਰਮਦਾ ਵਿਖੇ ਚੋਣ ਪ੍ਰਚਾਰ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਜਦੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ “ਇਨਕਲਾਬ ਜ਼ਿੰਦਾਬਾਦ” ਤੇ “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਗਾਉਂਦੇ ਸਨ ਤਾਂ ਅੰਗਰੇਜ਼ ਇਸ ਤੋਂ ਥਰ-ਥਰ ਕੰਬਦੇ ਸੀ। ਉਹ ਵੀ ਦੇਸ਼ ਨੂੰ ਲੁੱਟ ਕੇ ਗਏ ਸਨ। ਅੱਜ ਵੀ ਦੇਸ਼ ਨੂੰ ਲੁੱਟਣ ਵਾਲੇ ਸੱਤਾ ‘ਤੇ ਕਾਬਜ਼ ਹਨ। ਇਸ ਲਈ ਭਾਜਪਾ ਵੀ ਇਨ੍ਹਾਂ ਨਾਅਰਿਆਂ ਤੋਂ ਕੰਬਦੀ ਹੈ।

ਮਾਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਾਡੇ ਦੇਸ਼ ਵਿਚ ਕਿਸੇ ਕਿਸਮ ਦੀ ਚੀਜ਼ ਦੀ ਕੋਈ ਕਮੀ ਨਹੀਂ, ਬੱਸ ਚੰਗੀ ਨੀਅਤ ਵਾਲੇ ਆਗੂਆਂ ਦੀ ਘਾਟ ਹੈ। ਇਸ ਕਾਰਨ ਚੰਗੇ ਆਗੂਆਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਤਾਂ ਜੋ ਦੇਸ਼ ਬੁਲੰਦੀਆਂ ਨੂੰ ਛੂਹ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਘਰਾਂ ‘ਚੋਂ ਨਿਕਲੇ ਲੋਕਾਂ ਨੂੰ ਜਿਤਾ ਕੇ ਵਿਧਾਨਸਭਾ ‘ਚ ਭੇਜਿਆ ਤੇ ਹੁਣ ਪੰਜਾਬ ਖੁਸ਼ਹਾਲੀ ਵੱਲ ਵੱਧ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਵਾਲੇ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਲੋਕਾਂ ਦੇ ਘਰਾਂ ‘ਤੇ ਝੰਡੇ ਲਗਾ ਦਿੰਦੇ ਹਨ, ਤਾਂ ਜੋ ਜਨਤਾ ਨੂੰ ਲੱਗੇ ਕਿ ਇਸ ਪਾਰਟੀ ਦੀ ਬਹੁਤ ਹਵਾ ਹੈ। ਪਰ ਅੱਜ ਇੰਟਰਨੈੱਟ ਦੇ ਦੌਰ ਵਿਚ ਲੋਕ ਇਨ੍ਹਾਂ ਚਾਲਾਂ ਵਿਚ ਨਹੀਂ ਫਸਦੇ। ਪਹਿਲਾਂ ਸਿਆਸਤਦਾਨ ਇਕ ਪਾਰਟੀ ਦੇ ਨਾਂ ‘ਤੇ ਵੋਟ ਲੈ ਕੇ ਦੂਜੀ ਪਾਰਟੀ ਵਿਚ ਚਲੇ ਜਾਂਦੇ ਸਨ, ਪਰ ਹੁਣ ਲੋਕ ਵੀ ਝੰਡਾ ਕਿਸੇ ਹੋਰ ਪਾਰਟੀ ਦਾ ਲਗਾ ਕੇ ਘੁੰਮਦੇ ਹਨ, ਪਰ ਵੋਟ ਕਿਸੇ ਹੋਰ ਪਾਰਟੀ ਨੂੰ ਪਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਫ਼ਰਤ ਦੀ ਗੱਲ ਨਹੀਂ ਕਰਦੀ, ਸਗੋਂ ਸਾਰਿਆਂ ਫਿਰਕਿਆਂ ਨੂੰ ਇਕਜੁੱਟ ਰੱਖਣ ਦੀ ਕੋਸ਼ਿਸ਼ ਕਰਦੀ ਹੈ। “ਝਾੜੂ” ਚਿੱਕੜ ਨੂੰ ਸਾਫ ਕਰਦਾ ਹੈ ਤੇ “ਕਮਲ” ਦੇ ਉੱਗਣ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡਦਾ।

Add a Comment

Your email address will not be published. Required fields are marked *