ਬ੍ਰਿਟੇਨ ‘ਚ ਕਤਲ ਦੇ ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਦੇਸ਼ ‘ਚ ਨਵੇਂ ਸਖ਼ਤ ਕਾਨੂੰਨ ਲਿਆਉਣ ਦੀ ਯੋਜਨਾ ਹੈ, ਜਿਸ ਤਹਿਤ ਘਿਨਾਉਣੇ ਕਤਲਾਂ ਦੇ ਦੋਸ਼ੀਆਂ ਨੂੰ ਉਮਰ ਭਰ ਜੇਲ੍ਹ ਵਿੱਚ ਰਹਿਣਾ ਪਵੇਗਾ। ਅਜਿਹੇ ਮਾਮਲਿਆਂ ‘ਚ ਦੋਸ਼ੀਆਂ ਨੂੰ ਪੈਰੋਲ ‘ਤੇ ਛੱਡਣ ਜਾਂ ਛੇਤੀ ਰਿਹਾਈ ‘ਤੇ ਵਿਚਾਰ ਕਰਨ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ।

ਸੁਨਕ ਨੇ ਸ਼ਨੀਵਾਰ ਇਕ ਬਿਆਨ ਵਿੱਚ ਕਿਹਾ ਕਿ “ਜੀਵਨ ਦਾ ਅਰਥ ਜੀਵਨ ਹੈ” ਅਤੇ ਜੱਜਾਂ ਨੂੰ ਸਭ ਤੋਂ ਬੇਰਹਿਮ ਕਿਸਮ ਦੇ ਕਤਲ ਦੇ ਦੋਸ਼ੀ ਲੋਕਾਂ ਲਈ ਲਾਜ਼ਮੀ ਉਮਰ ਕੈਦ ਦੀ ਸਜ਼ਾ ਦੇਣ ਦੀ ਜ਼ਰੂਰਤ ਹੋਏਗੀ। ਨਵਾਂ ਕਾਨੂੰਨ ਕਾਨੂੰਨੀ ਤੌਰ ‘ਤੇ ਜੱਜਾਂ ਨੂੰ ਕੁਝ ਸੀਮਤ ਹਾਲਾਤ ਨੂੰ ਛੱਡ ਕੇ ਉਮਰ ਕੈਦ ਦੀ ਸਜ਼ਾ ਦਾ ਹੁਕਮ ਦੇਣ ਦੀ ਮੰਗ ਰੱਖੇਗਾ।

ਸੁਨਕ ਨੇ ਕਿਹਾ, “ਮੈਂ ਹਾਲ ਹੀ ‘ਚ ਸਾਹਮਣੇ ਆਏ ਅਪਰਾਧਾਂ ਦੀ ਬੇਰਹਿਮੀ ‘ਤੇ ਲੋਕਾਂ ਦੀ ਦਹਿਸ਼ਤ ਨੂੰ ਸਾਂਝਾ ਕੀਤਾ ਹਾਂ। ਲੋਕ ਸਹੀ ਤੌਰ ‘ਤੇ ਉਮੀਦ ਕਰਦੇ ਹਨ ਕਿ ਸਭ ਤੋਂ ਗੰਭੀਰ ਮਾਮਲਿਆਂ ਵਿੱਚ ਇਸ ਗੱਲ ਦੀ ਗਾਰੰਟੀ ਹੋਣੀ ਚਾਹੀਦੀ ਹੈ ਕਿ ਜੀਵਨ ਦਾ ਅਰਥ ਜੀਵਨ ਹੋਵੇਗਾ। ਉਹ ਸਜ਼ਾ ਦਿੱਤੇ ਜਾਣ ‘ਚ ਈਮਾਨਦਾਰੀ ਦੀ ਉਮੀਦ ਕਰਦੇ ਹਨ। ”

ਉਨ੍ਹਾਂ ਕਿਹਾ, “ਸਭ ਤੋਂ ਭਿਆਨਕ ਕਤਲ ਕਰਨ ਵਾਲੇ ਘਿਨਾਉਣੇ ਅਪਰਾਧੀਆਂ ਲਈ ਉਮਰ ਕੈਦ ਦੀ ਲਾਜ਼ਮੀ ਸਜ਼ਾ ਸ਼ੁਰੂ ਕਰਕੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਹ ਕਦੇ ਵੀ ਆਜ਼ਾਦ ਨਾ ਹੋਣ।” ਇਹ ਕਦਮ ਅਜਿਹੇ ਸਮੇਂ ਚੁੱਕਿਆ ਜਾ ਰਿਹਾ ਹੈ, ਜਦੋਂ ਕੁਝ ਦਿਨ ਪਹਿਲਾਂ ਉੱਤਰੀ ਇੰਗਲੈਂਡ ਦੇ ਇਕ ਹਸਪਤਾਲ ਵਿੱਚ 7 ਨਵਜੰਮੇ ਬੱਚਿਆਂ ਦੀ ਹੱਤਿਆ ਦੀ ਦੋਸ਼ੀ ਪਾਏ ਜਾਣ ਤੋਂ ਬਾਅਦ ਨਰਸ ਲੂਸੀ ਲੈਟਬੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 

ਬਰਤਾਨੀਆ ਦੀਆਂ ਵਿਧਾਨਕ ਵਿਵਸਥਾਵਾਂ ਮੌਤ ਦੀ ਸਜ਼ਾ ਦੀ ਇਜਾਜ਼ਤ ਨਹੀਂ ਦਿੰਦੀਆਂ, ਇਸ ਲਈ ਸਭ ਤੋਂ ਸਖ਼ਤ ਸਜ਼ਾ ਵਜੋਂ ਉਮਰ ਕੈਦ ਦੀ ਵਿਵਸਥਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ‘ਡਾਊਨਿੰਗ ਸਟ੍ਰੀਟ’ ਨੇ ਕਿਹਾ ਕਿ ਉਹ ਐਲਾਨ ਕੀਤੇ ਗਏ ਬਦਲਾਅ ਲਈ ਢੁੱਕਵੇਂ ਸਮੇਂ ‘ਤੇ ਕਾਨੂੰਨ ਬਣਾਏਗਾ। ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਗਲੇ ਮਹੀਨੇ ਸੰਸਦ ਦਾ ਸੈਸ਼ਨ ਸ਼ੁਰੂ ਹੋਵੇਗਾ।

Add a Comment

Your email address will not be published. Required fields are marked *