ਪਰਿਣੀਤੀ ਚੋਪੜਾ ਨਾਲ ਮਹਾਕਾਲ ਮੰਦਰ ਪਹੁੰਚੇ ਰਾਘਵ ਚੱਢਾ

ਉਜੈਨ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਵਿਚ ਸਥਿਤ ਮਹਾਕਾਲੇਸ਼ਵਰ ਮੰਦਰ ‘ਚ ਪੂਜਾ ਕੀਤੀ। ਦੱਸ ਦੇਈਏ ਕਿ ਪਰਿਣਤੀ ਅਤੇ ਰਾਘਵ ਚੱਢਾ  ਛੇਤੀ ਹੀ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਹਨ। ਦੋਹਾਂ ਨੇ ਮੰਦਰ ਦੇ ਨੰਦੀਹਾਲ ‘ਚ ਬੈਠ ਕੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਅਤੇ ਬਾਬਾ ਮਹਾਕਾਲ ਦਾ ਆਸ਼ੀਰਵਾਦ ਲਿਆ।

ਇਸ ਮੌਕੇ ਮੰਦਰ ਦੇ ਪੁਜਾਰੀ ਯਸ਼ ਗੁਰੂ ਨੇ ਮੰਤਰਾਂ ਦਾ ਜਾਪ ਕਰਕੇ ਪੂਜਾ ਕੀਤੀ। ਦੋਹਾਂ ਨੇ ਮੰਦਰ ਦੇ ਪਾਵਨ ਅਸਥਾਨ ਦੀ ਚੌਂਕੀ ‘ਤੇ ਮੱਥਾ ਟੇਕਿਆ ਅਤੇ ਇੱਥੋਂ ਹੀ ਬਾਬਾ ਮਹਾਕਾਲ ਦੀ ਪੂਜਾ ਕੀਤੀ। ਦੱਸ ਦੇਈਏ ਕਿ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈਣ ਲਈ ਕਈ ਪ੍ਰਸਿੱਧ ਹਸਤੀਆਂ ਇੱਥੇ ਪਹੁੰਚ ਰਹੀਆਂ ਹਨ। ਇਸੇ ਤਰ੍ਹਾਂ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ। ਮੰਦਰ ਦੇ ਪੁਜਾਰੀ ਮੁਤਾਬਕ ਇਸ ਦੌਰਾਨ ਉਨ੍ਹਾਂ ਨੇ ਬ੍ਰਾਹਮਣਾਂ ਵਲੋਂ ਕੀਤੇ ਗਏ ਰੁਦਰ ਸੁਕਤ ਅਤੇ ਸ਼ਾਂਤੀ ਪਾਠ ਨੂੰ ਸੁਣਿਆ।ਜ਼ਿਕਰਯੋਗ ਹੈ ਕਿ ਪਰਿਣੀਤੀ ਅਤੇ ਰਾਘਵ ਨੇ 13 ਮਈ ਨੂੰ ਆਪਣੇ ਪਿਆਰਿਆਂ ਦੀ ਮੌਜੂਦਗੀ ਵਿਚ ਨਵੀਂ ਦਿੱਲੀ ਦੇ ਕਪੂਰਥਲਾ ਸਥਿਤ ਘਰ ਵਿਚ ਕੁੜਮਾਈ ਕੀਤੀ ਸੀ।

Add a Comment

Your email address will not be published. Required fields are marked *