ਜ਼ਹਿਰੀਲੀ ਚੀਜ਼ ਪਿਲਾ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਫਤਿਹਗੜ੍ਹ ਸਾਹਿਬ : ਥਾਣਾ ਸਰਹਿੰਦ ਪੁਲਸ ਨੇ ਇਕ ਨੌਜਵਾਨ ਦੇ ਕਤਲ ਦੇ ਮਾਮਲੇ ’ਚ 2 ਵਿਅਕਤੀਆਂ ਸਣੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਬੈਂਕ ਕਾਲੋਨੀ ਸਰਹਿੰਦ ਨੇ ਦੱਸਿਆ ਕਿ ਉਹ ਖੇਤੀਬਾੜੀ ਅਤੇ ਫਾਈਨਾਂਸ ਦਾ ਕੰਮ ਕਰਦਾ ਹੈ, ਉਸ ਦੇ 2 ਲੜਕੇ ਅਤੇ ਇਕ ਲੜਕੀ ਹੈ, ਵੱਡਾ ਲੜਕਾ ਕਰਮਨਜੋਤ ਸਿੰਘ ਅਮਰੀਕਾ ’ਚ ਰਹਿੰਦਾ ਹੈ ਅਤੇ ਲੜਕੀ ਗੁਰਮਨਜੋਤ ਕੌਰ ਵਿਆਹੀ ਹਈ ਹੈ।

ਛੋਟਾ ਲੜਕਾ ਹਰਕੀਰਤ ਸਿੰਘ ਐੱਨ.ਐੱਫ. ਸੀ. ਆਈ. ਹੋਟਲ ਮੈਨੇਜਮੈਂਟ ਪਟਿਆਲਾ ਵਿਖੇ ਕੋਰਸ ਕਰਨ ਲਈ ਜਾਂਦਾ ਹੈ, ਜਿਸ ਦੀ ਕਲਾਸ 12 ਤੋਂ 3 ਵਜੇ ਤੱਕ ਲੱਗਦੀ ਹੈ। ਬੀਤੇ ਦਿਨ ਉਹ ਆਪਣੇ ਬੁਲੇਟ ਮੋਟਰਸਾਈਕਲ ਨੰਬਰ- ਪੀ ਬੀ 23 ਐੱਸ- 6593 ’ਤੇ ਸਵਾਰ ਹੋ ਕੇ ਕਲਾਸ ਲਗਾਉਣ ਗਿਆ ਸੀ, ਹਰਕੀਰਤ ਸਿੰਘ ਨੂੰ ਲੱਗਭਗ 4 ਵਜੇ ਸ਼ਾਮ ਨੂੰ ਫੋਨ ਕਰਨ ’ਤੇ ਉਸ ਨੇ ਕਿਹਾ ਕਿ ਇਥੇ ਮੀਂਹ ਪੈ ਰਿਹਾ ਹੈ। ਉਹ ਥੋੜ੍ਹੀ ਦੇਰ ’ਚ ਘਰ ਆ ਜਾਵੇਗਾ ਪਰ ਜਦੋਂ ਹਰਕੀਰਤ ਸਿੰਘ ਘਰ ਨਹੀਂ ਆਇਆ ਤਾਂ ਸਾਰੇ ਪਰਿਵਾਰਕ ਮੈਂਬਰਾਂ ਨੇ ਵਾਰ-ਵਾਰ ਫੋਨ ਕੀਤਾ ਪਰ ਹਰਕੀਰਤ ਸਿੰਘ ਨੇ ਫੋਨ ਨਹੀਂ ਚੁੱਕਿਆ। ਉਸ ਤੋਂ ਬਾਅਦ ਲੱਗਭਗ 11 ਵਜੇ ਹਰਕੀਰਤ ਸਿੰਘ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਕਿਸੇ ਹੋਰ ਅਣਜਾਣ ਵਿਅਕਤੀ ਨੇ ਚੁੱਕਿਆ ਅਤੇ ਉਸ ਨੇ ਕਿਹਾ ਕਿ ਤੁਹਾਡਾ ਲੜਕਾ ਵਿਸ਼ਵਕਰਮਾ ਚੌਕ, ਨੇੜੇ ਭੱਟੀ ਫਾਰਮ ਸਰਹਿੰਦ ਵਿਖੇ ਬੈਠਾ ਹੈ, ਤੁਸੀਂ ਆ ਜਾਓ।

ਅਮਨਦੀਪ ਸਿੰਘ ਆਪਣੀ ਪਤਨੀ ਕੁਲਵਿੰਦਰ ਕੌਰ ਨਾਲ ਵਿਸ਼ਵਕਰਮਾ ਚੌਕ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਹਰਕੀਰਤ ਸਿੰਘ ਬੇਸੁੱਧ ਪਿਆ ਸੀ ਅਤੇ ਉਸ ਦੇ ਸਰੀਰ ’ਤੇ ਸਿਰਫ ਅੰਡਰਵੀਅਰ ਅਤੇ ਬੁਨੈਣ ਸੀ, ਉਸ ਦਾ ਮੋਟਰਸਾਈਕਲ ਵੀ ਉਥੇ ਨਹੀਂ ਸੀ, ਉਥੇ ਮੌਕੇ ’ਤੇ ਹਰਮਨ ਸਿੰਘ ਉਰਫ ਜਸ਼ਨ ਪੁੱਤਰ ਰਾਜਿੰਦਰ ਸਿੰਘ ਤੇ ਨਾਲ ਜਤਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਦੋਵੇਂ ਵਾਸੀਆਨ ਪਿੰਡ ਬਧੌਛੀ ਕਲਾਂ ਇਕ ਕਾਰ ਕੋਲ ਖੜ੍ਹੇ ਸਨ। ਜਦੋਂ ਹਰਕੀਰਤ ਸਿੰਘ ਨੂੰ ਚੁੱਕ ਕੇ ਇਲਾਜ ਲਈ ਗੱਡੀ ’ਚ ਬਿਠਾਇਆ ਤਾਂ ਹਰਮਨ ਸਿੰਘ ਅਤੇ ਜਤਿੰਦਰ ਸਿੰਘ ਜੀ. ਟੀ. ਰੋਡ ਵੱਲ ਨੂੰ ਭੱਜ ਗਏ।

ਹਰਕੀਰਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਤਿੰਦਰ ਸਿੰਘ ਅਤੇ ਹਰਮਨ ਸਿੰਘ ਨਾਲ ਵਜ੍ਹਾ ਰੰਜਿਸ਼ ਇਹ ਹੈ ਕਿ ਉਹ ਦੋਵੇਂ ਵਿਦੇਸ਼ ਜਾਣਾ ਚਾਹੁੰਦੇ ਸੀ, ਉਹ ਦੋਵੇਂ ਅਮਨਦੀਪ ਸਿੰਘ ਤੋਂ ਬਿਨਾਂ ਪਰੂਫ ਦਿੱਤੇ ਵੱਡੀ ਰਕਮ ਫਾਈਨਾਂਸ ਕਰਵਾਉਣਾ ਚਾਹੁੰਦੇ ਸੀ, ਜੋ ਕਹਿੰਦੇ ਸਨ ਕਿ ਜੇਕਰ ਉਨ੍ਹਾਂ ਨੂੰ ਰਕਮ ਨਹੀਂ ਮਿਲਦੀ ਤਾਂ ਉਹ ਹਰਕੀਰਤ ਸਿੰਘ ਨੂੰ ਵਿਦੇਸ਼ ਨਹੀਂ ਜਾਣ ਦੇਣਗੇ, ਜਿਸ ਕਰਕੇ ਹਰਮਨ ਸਿੰਘ ਅਤੇ ਜਤਿੰਦਰ ਸਿੰਘ ਨੇ ਹਰਕੀਰਤ ਸਿੰਘ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਕੇ ਮਾਰ ਦਿੱਤਾ ਹੈ।

ਇਸ ਸਬੰਧੀ ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਨਰਪਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਅਮਨਦੀਪ ਸਿੰਘ ਦੇ ਬਿਆਨਾਂ ’ਤੇ ਹਰਮਨ ਸਿੰਘ, ਜਤਿੰਦਰ ਸਿੰਘ ਅਤੇ ਹੋਰ ਅਣਪਛਾਤੇ ਸਾਥੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *