ਲੁਧਿਆਣਾ ‘ਚ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼
ਲੁਧਿਆਣਾ – ਕਾਲਜ ਰੋਡ ’ਤੇ ਸਥਿਤ ਇਕ ਕੋਠੀ ਦੇ ਅੰਦਰ ਛਾਪੇਮਾਰੀ ਕਰ ਕੇ ਪੁਲਸ ਨੇ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਪੁਲਸ ਨੇ ਕੁਝ ਔਰਤਾਂ ਅਤੇ ਵਿਅਕਤੀਆਂ ਨੂੰ ਫੜਿਆ ਹੈ, ਜਿਨ੍ਹਾਂ ਨੂੰ ਪੁਲਸ ਨੇ ਕੈਲਾਸ਼ ਨਗਰ ਚੌਕੀ ਲੈ ਕੇ ਆਈ ਹੈ। ਜਿਉਂ ਹੀ ਮੀਡੀਆ ਨੂੰ ਪਤਾ ਲੱਗਾ ਤਾਂ ਚੌਕੀ ਦੇ ਬਾਹਰ ਜਮਾਵੜਾ ਲੱਗ ਗਿਆ।
ਪੁਲਸ ਨੇ ਚੌਕੀ ਦਾ ਗੇਟ ਵੀ ਬੰਦ ਕਰ ਦਿੱਤਾ। ਇਸ ਤੋਂ ਇਲਾਵਾ ਕਵਰੇਜ ਕਰਨ ਵਾਲੇ ਕੁਝ ਮੀਡੀਆ ਕਰਮਚਾਰੀਆਂ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਭਾਵੇਂ ਇਸ ਮਾਮਲੇ ’ਚ ਅਜੇ ਕਿਸੇ ਵੀ ਵੱਡੇ ਅਧਿਕਾਰੀ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ। ਸੂਤਰਾਂ ਮੁਤਾਬਕ ਮਹਿਲਾ ਇਕ ਅਧਿਕਾਰੀ ਦੀ ਕੋਠੀ ਕਿਰਾਏ ’ਤੇ ਲੈ ਕੇ ਧੰਦਾ ਚਲਾ ਰਹੀ ਸੀ।
ਜਾਣਕਾਰੀ ਮੁਤਾਬਕ ਏ. ਸੀ. ਪੀ. (ਸਿਵਲ ਲਾਈਨ) ਦੀ ਅਗਵਾਈ ’ਚ ਥਾਣਾ ਡਵੀਜ਼ਨ ਨੰ. 8 ਦੇ ਐੱਸ. ਐੱਚ. ਓ. ਵਿਜੇ ਕੁਮਾਰ ਨਾਲ ਪੁਲਸ ਪਾਰਟੀ ਨੇ ਦੇਰ ਸ਼ਾਮ ਨੂੰ ਕਾਲਜ ਰੋਡ ’ਤੇ ਇਕ ਕੋਠੀ ’ਚ ਰੇਡ ਮਾਰੀ। ਦੱਸਿਆ ਜਾ ਰਿਹਾ ਹੈ ਕਿ ਅੰਦਰ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ। ਰੇਡ ਦੌਰਾਨ ਪੁਲਸ ਨੇ ਅੰਦਰੋਂ ਲਗਭਗ 6 ਔਰਤਾਂ ਤੇ ਹੋਰ ਕੁਝ ਲੋਕਾਂ ਨੂੰ ਫੜਿਆ ਹੈ, ਜਿਨ੍ਹਾਂ ਨੂੰ ਥਾਣੇ ਲਿਆਉਣ ਦੀ ਬਜਾਏ ਚੌਕੀ ਲਿਜਾਇਆ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਮਾਮਲਾ ਹਾਈ ਪ੍ਰੋਫਾਈਲ ਹੈ। ਇਸ ਲਈ ਪੁਲਸ ਇਸ ਮਾਮਲੇ ਨੂੰ ਛੁਪਾਉਣ ਦਾ ਯਤਨ ਕਰ ਰਹੀ ਹੈ। ਇਸ ਲਈ ਪੁਲਸ ਨੇ ਚੌਕੀ ਦਾ ਗੇਟ ਤੱਕ ਬੰਦ ਕਰ ਲਿਆ ਸੀ। ਕਈ ਅਧਿਕਾਰੀਆਂ ਨੂੰ ਜਾਣਕਾਰੀ ਲਈ ਕਾਲ ਕੀਤੀ ਗਈ ਪਰ ਕਿਸੇ ਨੇ ਸਪੱਸ਼ਟ ਜਵਾਬ ਨਹੀਂ ਦਿੱਤਾ। ਏ. ਸੀ. ਪੀ. ਜਗਰੂਪ ਕੌਰ ਬਾਠ ਦਾ ਕਹਿਣਾ ਹੈ ਕਿ ਅਜੇ ਜਾਂਚ ਚੱਲ ਰਹੀ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

