ਨਕਾਬਪੋਸ਼ ਲੁਟੇਰਿਆਂ ਨੇ SBI ਸੇਵਾ ਕੇਂਦਰ ਤੋਂ ਪਿਸਤੌਲ ਦੀ ਨੋਕ ‘ਤੇ ਲੁੱਟੇ ਡੇਢ ਲੱਖ ਰੁਪਏ

ਗੁਰਦਾਸਪੁਰ : ਪਿੰਡ ਭੱਟੀਆਂ ‘ਚ ਦੇਰ ਸ਼ਾਮ ਐੱਸਬੀਆਈ ਦੇ ਸੇਵਾ ਕੇਂਦਰ ਤੋਂ ਪਿਸਤੌਲ ਦੀ ਨੋਕ ‘ਤੇ 3 ਨਕਾਬਪੋਸ਼ ਲੁਟੇਰਿਆਂ ਵੱਲੋਂ ਡੇਢ ਲੱਖ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਇਹ ਵਾਰਦਾਤ ਸੀਸੀਟੀਵੀ ਕੈਮਰਿਆਂ ‘ਚ ਵੀ ਕੈਦ ਹੋਈ ਹੈ। ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਰਾਜੇਸ਼ ਅਗਨੀਹੋਤਰੀ ਪੁੱਤਰ ਮਨੋਹਰ ਲਾਲ ਵਾਸੀ ਗਹੋਤ ਭੱਟੀਆਂ ਸਟੇਟ ਬੈਂਕ ਦੇ ਨੇੜੇ ਪੈਸਿਆਂ ਦੇ ਲੈਣ-ਦੇਣ ਦੇ ਸੇਵਾ ਕੇਂਦਰ ‘ਚ ਕੰਮ ਕਰਦਾ ਹੈ। ਉਹ ਆਪਣੇ ਪੁੱਤਰਾਂ ਸਮੇਤ ਦੁਕਾਨ ‘ਤੇ ਮੌਜੂਦ ਸੀ। ਸ਼ਾਮ ਦੇ ਸਮੇਂ ਮੂੰਹ ਢਕੀ 3 ਨੌਜਵਾਨਾਂ ਨੇ ਉਨ੍ਹਾਂ ਦੀ ਦੁਕਾਨ ‘ਚ ਦਾਖਲ ਹੋ ਕੇ ਗੰਨ ਪੁਆਇੰਟ ‘ਤੇ ਰਜੇਸ਼ ਤੇ ਉਸ ਦੇ ਪੁੱਤਰਾਂ ‘ਤੇ ਪਿਸਤੌਲ ਦੇ ਮੁੱਠੇ ਨਾਲ ਹਮਲਾ ਕਰਕੇ ਉਨ੍ਹਾਂ ਕੋਲੋਂ ਨਕਦੀ ਦੀ ਮੰਗ ਕੀਤੀ। ਪਲ ਝਪਕਦੇ ਹੀ ਉਹ ਦੁਕਾਨ ਵਿੱਚ ਪਈ ਡੇਢ ਲੱਖ ਦੀ ਨਕਦੀ ਲੈ ਕੇ ਮੌਕੇ ਤੋਂ ਨਹਿਰ ਵੱਲ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ‘ਤੇ ਪੁਲਸ ਪਾਰਟੀ ਨਾਲ ਪਹੁੰਚੇ ਡੀਐੱਸਪੀ ਰਾਜਬੀਰ ਸਿੰਘ ਨੇ ਬਾਰੀਕੀ ਨਾਲ ਲੁਟੇਰਿਆਂ ਦੀ ਪਛਾਣ ਕਰਨ ਅਤੇ ਇਸ ਘਟਨਾ ਲਈ ਲੋੜੀਂਦੇ ਤੱਥ ਵੀ ਦੁਕਾਨਦਾਰ ਅਤੇ ਲਾਗਲੇ ਲੋਕਾਂ ਕੋਲੋਂ ਪ੍ਰਾਪਤ ਕੀਤੇ ਹਨ। ਮੌਕੇ ‘ਤੇ ਪਹੁੰਚੇ ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ 3 ਨੌਜਵਾਨਾਂ ਦੀ ਪੁਲਸ ਵੱਲੋਂ ਗੰਭੀਰਤਾ ਨਾਲ ਭਾਲ ਕੀਤੀ ਜਾ ਰਹੀ ਹੈ। ਇਕ ਲੱਖ ਤੋਂ ਉਪਰ ਰਕਮ ਦੀ ਲੁੱਟ ਹੋਈ ਹੈ। ਉਨ੍ਹਾਂ ਦੱਸਿਆ ਕਿ ਜਲਦ ਮਾਮਲਾ ਦਰਜ ਕਰਕੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

Add a Comment

Your email address will not be published. Required fields are marked *