ਸੰਨੀ ਦਿਓਲ ਦਾ ਮੁੰਬਈ ਵਾਲਾ ਬੰਗਲਾ ਹੋਵੇਗਾ ਨੀਲਾਮ

ਮੁੰਬਈ – ਸੰਨੀ ਦਿਓਲ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ’ਚ ਹਨ। ਉਨ੍ਹਾਂ ਦੀ ਨਵੀਂ ਫ਼ਿਲਮ ‘ਗਦਰ 2’ ਸਿਨੇਮਾਘਰਾਂ ’ਚ ਧਮਾਲ ਮਚਾ ਰਹੀ ਹੈ। ਪਿਛਲੇ ਹਫ਼ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਇਸ ਫ਼ਿਲਮ ਨੇ ਸਿਰਫ 9 ਦਿਨਾਂ ’ਚ ਇੰਨੀ ਕਮਾਈ ਕਰ ਲਈ ਹੈ ਕਿ ਇਹ ਬਾਲੀਵੁੱਡ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਲਿਸਟ ’ਚ ਸ਼ਾਮਲ ਹੋ ਗਈ ਹੈ। ਸੰਨੀ, ਜੋ 90 ਦੇ ਦਹਾਕੇ ’ਚ ਬਾਲੀਵੁੱਡ ਦੇ ਸਭ ਤੋਂ ਵੱਡੇ ਸਿਤਾਰਿਆਂ ’ਚੋਂ ਇਕ ਸਨ, ਨੂੰ ਮੱਧ ਦੋ ਦਹਾਕਿਆਂ ’ਚ ਬਹੁਤ ਸੰਘਰਸ਼ ਕਰਨਾ ਪਿਆ ਤੇ ਉਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫਿਸ ’ਤੇ ਕਮਾਲ ਨਹੀਂ ਕਰ ਸਕੀਆਂ।

ਹੁਣ ਆਖਿਰਕਾਰ ‘ਗਦਰ 2’ ਨੇ ਉਨ੍ਹਾਂ ਨੂੰ ਉਹ ਸ਼ਾਨਦਾਰ ਸਫਲਤਾ ਦਿਖਾਈ ਹੈ, ਜਿਸ ਦੀ ਉਹ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹੋਣਗੇ ਪਰ ਇਕ ਪਾਸੇ ਜਿਥੇ ਸੰਨੀ ਦੀ ਫ਼ਿਲਮ ਸਿਨੇਮਾਘਰਾਂ ’ਚ ਜ਼ਬਰਦਸਤ ਕਮਾਈ ਕਰ ਰਹੀ ਹੈ ਤਾਂ ਦੂਜੇ ਪਾਸੇ ਅਸਲ ਜ਼ਿੰਦਗੀ ’ਚ ਉਨ੍ਹਾਂ ਦੀ ਇਕ ਵੱਡੀ ਜਾਇਦਾਦ ਦੀ ਨਿਲਾਮੀ ਦਾ ਖ਼ਤਰਾ ਹੈ। ਸੰਨੀ ’ਤੇ ਇਕ ਬੈਂਕ ਤੋਂ ਬਹੁਤ ਵੱਡਾ ਕਰਜ਼ਾ ਸੀ, ਜਿਸ ਦੀ ਵਸੂਲੀ ਲਈ ਬੈਂਕ ਨੇ ਹੁਣ ਉਨ੍ਹਾਂ ਦੀ ਮੁੰਬਈ ਵਾਲੀ ਜਾਇਦਾਦ ਦੀ ਨਿਲਾਮੀ ਲਈ ਇਕ ਇਸ਼ਤਿਹਾਰ ਕੱਢਿਆ ਹੈ।

ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਵਿਲਾ ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਸੰਨੀ ਨੇ ਬੈਂਕ ਤੋਂ ਵੱਡੀ ਰਕਮ ਦਾ ਕਰਜ਼ਾ ਲਿਆ ਸੀ। ਇਸ ਕਰਜ਼ੇ ਲਈ ਉਨ੍ਹਾਂ ਨੇ ਮੁੰਬਈ ਦੇ ਜੁਹੂ ਇਲਾਕੇ ’ਚ ਸਥਿਤ ‘ਸੰਨੀ ਵਿਲਾ’ ਨਾਂ ਦਾ ਆਪਣਾ ਵਿਲਾ ਗਹਿਣੇ ਰੱਖ ਦਿੱਤਾ ਸੀ। ਇਸ ਦੀ ਬਜਾਏ ਉਨ੍ਹਾਂ ਨੇ ਬੈਂਕ ਨੂੰ ਲਗਭਗ 56 ਕਰੋੜ ਰੁਪਏ ਦੇਣੇ ਸਨ, ਜੋ ਅਜੇ ਤੱਕ ਅਦਾ ਨਹੀਂ ਕੀਤੇ ਗਏ।

ਇਸ ਕਰਜ਼ੇ ਤੇ ਇਸ ’ਤੇ ਵਸੂਲੇ ਜਾਣ ਵਾਲੇ ਵਿਆਜ਼ ਦੀ ਵਸੂਲੀ ਲਈ ਬੈਂਕ ਨੇ ਇਸ ਜਾਇਦਾਦ ਦੀ ਨਿਲਾਮੀ ਕਰਨ ਦਾ ਫ਼ੈਸਲਾ ਕੀਤਾ ਹੈ। ਬੈਂਕ ਦੇ ਇਸ਼ਤਿਹਾਰ ’ਚ ਕਿਹਾ ਗਿਆ ਹੈ ਕਿ ‘ਸੰਨੀ ਵਿਲਾ’ ਦੀ ਨਿਲਾਮੀ 25 ਸਤੰਬਰ ਨੂੰ ਹੋਵੇਗੀ। ਇਸ ਨਿਲਾਮੀ ਲਈ ਜਾਇਦਾਦ ਦੀ ਰਾਖਵੀਂ ਕੀਮਤ 51.43 ਕਰੋੜ ਰੁਪਏ ਰੱਖੀ ਗਈ ਹੈ। ਸੰਨੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ‘ਗਦਰ 2’ ਨਾਲ ਉਹ ਮੁੜ ਤੋਂ ਸਿਨੇਮਾਘਰਾਂ ’ਚ ਪਰਤ ਆਏ ਹਨ। ਬਾਕਸ ਆਫਿਸ ’ਤੇ ਤੂਫ਼ਾਨੀ ਰਫ਼ਤਾਰ ਨਾਲ ਕਮਾਈ ਕਰਨ ਵਾਲੀ ਇਸ ਫ਼ਿਲਮ ਨੇ ਸਿਰਫ 8 ਦਿਨਾਂ ’ਚ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਸ਼ਨੀਵਾਰ ਦੀ ਕਲੈਕਸ਼ਨ ਤੋਂ ਬਾਅਦ ਫ਼ਿਲਮ ਦੀ ਕਮਾਈ 9 ਦਿਨਾਂ ’ਚ 335 ਕਰੋੜ ਨੂੰ ਪਾਰ ਕਰ ਗਈ ਹੈ। ਜਲਦ ਹੀ ‘ਗਦਰ 2’ ਸੰਨੀ ਦੇ ਖਾਤੇ ’ਚ 400 ਕਰੋੜ ਦੀ ਕਮਾਈ ਕਰਨ ਵਾਲੀ ਫ਼ਿਲਮ ਵਜੋਂ ਦਰਜ ਹੋਵੇਗੀ।

Add a Comment

Your email address will not be published. Required fields are marked *