ਪੰਜਾਬ ‘ਚ ਘੁੰਮ ਰਹੇ ਫ਼ਰਜ਼ੀ ਪੁਲਸ ਮੁਲਾਜ਼ਮ,ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

ਲੁਧਿਆਣਾ – ਪੁਲਸ ਦੀ ਵਰਦੀ ਪਹਿਨ ਕੇ ਛਾਪਾ ਮਾਰਨ ਬਹਾਨੇ ਘਰਾਂ ’ਚ ਦਾਖਲ ਹੋ ਕੇ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ 2 ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ, ਜਿਨ੍ਹਾਂ ਨੂੰ ਲੈ ਕੇ ਪੁਲਸ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰ ਰਹੀ ਹੈ। ਮੁਲਜ਼ਮਾਂ ਦੀ ਪਛਾਣ ਪੁਲਸ ਨੇ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਸੰਦੀਪ ਕੁਮਾਰ, ਜ਼ਿਲਾ ਫਿਰੋਜ਼ਪੁਰ ਦੇ ਰਹਿਣ ਵਾਲੇ ਪਵਨ ਕੁਮਾਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਬਰਿੰਦਰ ਸਿੰਘ ਉਰਫ ਕਰਣ ਅਤੇ ਡਾਬਾ ਦੇ ਰਹਿਣ ਵਾਲੇ ਸਾਹਿਲ ਕੁਮਾਰ ਉਰਫ ਸਾਹਿਲ ਵਜੋਂ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਤੋਂ ਇਕ ਹਾਂਡਾ ਸਿਟੀ ਕਾਰ, 1 ਟੈਬ, 1 ਲੈਪਟਾਪ, 1 ਮੋਬਾਇਲ ਅਤੇ 17 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਕੋਰਟ ’ਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।

ਏ. ਡੀ. ਸੀ. ਪੀ.-2 ਸੁਹੇਲ ਮੀਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 10 ਅਗਸਤ ਨੂੰ ਪ੍ਰੀਤ ਨਗਰ, ਸ਼ਿਮਲਾਪੁਰੀ ਦੀ ਰਹਿਣ ਵਾਲੀ ਸਰੋਜ ਰਾਣੀ ਦੀ ਸ਼ਿਕਾਇਤ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਸਰੋਜ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਸੀ ਕਿ 9 ਅਗਸਤ ਦੀ ਰਾਤ ਨੂੰ ਕਰੀਬ 9 ਵਜੇ ਉਹ ਆਪਣੇ ਪਰਿਵਾਰ ਨਾਲ ਘਰ ’ਚ ਮੌਜੂਦ ਸੀ ਅਤੇ ਘਰ ਦਾ ਮੇਨ ਗੇਟ ਖੁੱਲ੍ਹਾ ਸੀ। ਇਸ ਦੌਰਾਨ 4 ਵਿਅਕਤੀ ਘਰ ’ਚ ਦਾਖ਼ਲ ਹੋਏ, ਜਿਨ੍ਹਾਂ ’ਚੋਂ ਇਕ ਵਿਅਕਤੀ ਨੇ ਸਿਰ ’ਤੇ ਖਾਕੀ ਟੋਪੀ ਅਤੇ ਕਮੀਜ਼ ਪਹਿਨੀ ਹੋਈ ਸੀ ਅਤੇ 2 ਵਿਅਕਤੀ ਕਾਰ ਵਿਚ ਬੈਠੇ ਰਹੇ। ਇਨ੍ਹਾਂ 4 ਵਿਅਕਤੀਆਂ ਨੇ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਜ਼ਬਰਦਸਤੀ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਘਰ ਦਾ ਸਾਮਾਨ ਚੈੱਕ ਕਰਨਾ ਸ਼ੁਰੂ ਕਰ ਦਿੱਤਾ। ਪੁੱਛਣ ’ਤੇ ਦਬਾਅ ਪਾਉਂਦੇ ਹੋਏ ਛਾਪਾ ਮਾਰਨ ਦਾ ਬਹਾਨਾ ਬਣਾਉਂਦੇ ਰਹੇ।

ਮੁਲਜ਼ਮ ਇਸ ਦੌਰਾਨ ਉਨ੍ਹਾਂ ਦੇ ਘਰੋਂ 80 ਹਜ਼ਾਰ ਰੁਪਏ ਦੀ ਨਕਦੀ, 2 ਮੋਬਾਇਲ, 1 ਫੋਨ, 1 ਟੈਬ, 1 ਲੈਪਟਾਪ ਅਤੇ ਕਰੀਬ 9 ਤੋਲੇ ਸੋਨੇ ਦੇ ਗਹਿਣੇ ਲੈ ਗਏ ਅਤੇ ਜਾਂਦੇ ਸਮੇਂ ਉਨ੍ਹਾਂ ਦੇ ਕਮਰੇ ਨੂੰ ਬਾਹਰੋਂ ਬੰਦ ਕਰ ਕੇ ਚਲੇ ਗਏ। ਉਹ ਕਿਸੇ ਤਰ੍ਹਾਂ ਕਮਰੇ ਦੇ ਨਾਲ ਬਣੇ ਬਾਥਰੂਮ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆਏ ਅਤੇ ਰੌਲਾ ਪਾਇਆ। ਉਦੋਂ ਤੱਕ ਮੁਲਜ਼ਮ ਮੌਕੇ ਤੋਂ ਫਰਾਰ ਹੋ ਚੁੱਕੇ ਸਨ, ਜਿਸ ’ਤੇ ਆਸ-ਪਾਸ ਦੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਕਰਦੇ ਹੋਏ ਕੇਸ ਦਰਜ ਕਰ ਲਿਆ। ਮਾਮਲੇ ਦੀ ਜਾਂਚ ਲਈ ਏ. ਸੀ. ਪੀ. ਸੰਦੀਪ ਵਡੇਰਾ ਅਤੇ ਸ਼ਿਮਲਾਪੁਰੀ ਦੇ ਇੰਸਪੈਕਟਰ ਕਰਮਜੀਤ ਸਿੰਘ ਦੀ ਟੀਮ ਬਣਾਈ ਗਈ।

ਟੀਮ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਸੇਫ ਸਿਟੀ ਦੇ ਕੈਮਰਿਆਂ ਦੀ ਮਦਦ ਨਾਲ ਕਾਰ ਲੱਭ ਲਈ ਅਤੇ ਉਸ ਦੇ ਨੰਬਰ ਤੋਂ ਅਗਲੀ ਜਾਂਚ ਕਰਦੇ ਹੋਏ ਮੁਲਜ਼ਮਾਂ ਨੂੰ ਲੱਭ ਲਿਆ, ਜਿਸ ’ਤੇ ਛਾਪਾ ਮਾਰ ਕੇ ਪੁਲਸ ਨੇ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਮੁਲਜ਼ਮ ਵਰਿੰਦਰ ਕੁਮਾਰ ’ਤੇ 3 ਲੁੱਟ-ਖੋਹ ਅਤੇ ਸਨੈਚਿੰਗ ਦੇ ਕੇਸ ਦਰਜ , ਮੁਲਜ਼ਮ ਪਵਨ ਖ਼ਿਲਾਫ਼ 2 ਕੇਸ, ਸਾਹਿਲ ਦੇ ਖ਼ਿਲਾਫ਼ 3 ਕੇਸ ਅਤੇ ਸੰਦੀਪ ਖ਼ਿਲਾਫ਼ 2 ਪਰਚੇ ਦਰਜ ਹਨ। ਜਾਂਚ ਦੌਰਾਨ ਪੁਲਸ ਨੇ ਮੁਲਜ਼ਮ ਸੰਦੀਪ ਕੁਮਾਰ ਤੋਂ 6 ਹਜ਼ਾਰ ਰੁਪਏ ਦੀ ਨਕਦੀ ਅਤੇ ਕਾਰ, ਮੁਲਜ਼ਮ ਪਵਨ ਕੁਮਾਰ ਤੋਂ ਲੈਪਟਾਪ, ਮੁਲਜ਼ਮ ਬਰਿੰਦਰ ਕੁਮਾਰ ਤੋਂ 5 ਹਜ਼ਾਰ ਰੁਪਏ ਦੀ ਨਕਦੀ ਅਤੇ ਟੈਬ, ਮੁਲਜ਼ਮ ਸਾਹਿਲ ਤੋਂ 6 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨ ਬਰਾਮਦ ਕੀਤਾ ਹੈ।

ਜੁਆਇੰਟ ਪੁਲਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਸਾਹਿਲ ਪਹਿਲਾਂ ਸ਼ਿਕਾਇਤਕਰਤਾ ਸਰੋਜ ਦੇ ਗੁਆਂਢ ’ਚ ਰਹਿੰਦਾ ਸੀ ਅਤੇ ਉਸ ਨੂੰ ਉਨ੍ਹਾਂ ਦੇ ਘਰ ਬਾਰੇ ਪੂਰੀ ਜਾਣਕਾਰੀ ਸੀ। ਸਾਹਿਲ ਤੋਂ ਇਲਾਵਾ ਬਾਕੀ ਸਾਰੇ ਦੋਸ਼ੀ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ, ਜੋ ਸਿਰਫ ਵਾਰਦਾਤਾਂ ਕਰਨ ਲਈ ਲੁਧਿਆਣਾ ਆਉਂਦੇ ਸਨ। ਮੁਲਜ਼ਮ ਸਾਹਿਲ ਨੇ ਉਨ੍ਹਾਂ ਨੂੰ ਰੇਕੀ ਕਰ ਕੇ ਸਰੋਜ ਦੇ ਘਰ ’ਚ ਵਾਰਦਾਤ ਕਰਨ ਲਈ ਬੁਲਾਇਆ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਦੌਰਾਨ ਪੁਲਸ ਦੀ ਵਰਦੀ ਪਹਿਨਣ ਵਾਲੇ ਦੋਵੇਂ ਮੁਲਜ਼ਮਾਂ ਦੀ ਭਾਲ ’ਚ ਪੁਲਸ ਛਾਪੇਮਾਰੀ ਕਰ ਰਹੀ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਲਜ਼ਮਾਂ ਤੋਂ ਹੋਰ ਕਈ ਵਾਰਦਾਤਾਂ ਵੀ ਹੱਲ ਹੋਣ ਦੀ ਸੰਭਾਵਨਾ ਹੈ। ਮੁਲਜ਼ਮਾਂ ਤੋਂ ਦੂਜੇ ਜ਼ਿਲ੍ਹਿਆਂ ’ਚ ਕੀਤੀਆਂ ਗਈਆਂ ਵਾਰਦਾਤਾਂ ਦਾ ਵੀ ਪਤਾ ਲਗਾਇਆ ਜਾਵੇਗਾ।

Add a Comment

Your email address will not be published. Required fields are marked *