ਬੇਖੌਫ਼ ਬਦਮਾਸ਼ਾਂ ਨੇ ਪੱਤਰਕਾਰ ਦੇ ਘਰ ਵੜ ਕੇ ਮਾਰੀ ਗੋਲੀ

ਅਰਰੀਆ- ਬਿਹਾਰ ਦੇ ਅਰਰੀਆ ਜ਼ਿਲ੍ਹੇ ਵਿਚ ਸ਼ੁੱਕਰਵਾਰ ਸਵੇਰੇ ਅਣਪਛਾਤੇ ਲੋਕਾਂ ਵਲੋਂ ਇਕ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਿਮਲ ਕੁਮਾਰ ਯਾਦਵ (35) ਦਾ ਪ੍ਰੇਮਨਗਰ ਪਿੰਡ ਵਿਚ ਉਸ ਦੇ ਘਰ ਵਿਚ ਹੀ ਕਤਲ ਕਰ ਦਿੱਤਾ ਗਿਆ। ਉਹ ਇਕ ਹਿੰਦੀ ਅਖਬਾਰ ਲਈ ਕੰਮ ਕਰਦਾ ਸੀ। ਬਿਹਾਰ ਪੁਲਸ ਨੇ ਦੱਸਿਆ ਕਿ ਹਮਲਾਵਰਾਂ ਨੇ ਸਵੇਰੇ 5.30 ਵਜੇ ਯਾਦਵ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਯਾਦਵ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਜ਼ਿਲਾ ਪੁਲਸ ਮੁਖੀ ਅਤੇ ਸਬੰਧਤ ਰਾਣੀਗੰਜ ਥਾਣੇ ਦੇ ਇੰਚਾਰਜ ਉਥੇ ਪੁੱਜੇ।

ਦੱਸਿਆ ਜਾਂਦਾ ਹੈ ਕਿ ਵਿਮਲ ਦਾ ਆਪਣੇ ਗੁਆਂਢੀ ਨਾਲ ਪੁਰਾਣਾ ਝਗੜਾ ਸੀ। ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਦੋਂ ਪੱਤਰਕਾਰਾਂ ਨੇ ਇਸ ਘਟਨਾ ਬਾਰੇ ਪਟਨਾ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੱਚਮੁੱਚ ਅਫਸੋਸ ਹੈ ਅਤੇ ਉਨ੍ਹਾਂ ਨੇ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਲਈ ਕਿਹਾ ਹੈ। ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ। ਵਿਰੋਧੀ ਧਿਰ ਨੇ ਸਰਕਾਰ ’ਤੇ ਹਮਲਾ ਬੋਲਦਿਆਂ ਦਾਅਵਾ ਕੀਤਾ ਕਿ ਇਹ ਘਟਨਾ ਦਰਸਾਉਂਦੀ ਹੈ ਕਿ ਬਿਹਾਰ ’ਚ ਲੋਕਤੰਤਰ ਖ਼ਤਰੇ ‘ਚ ਹੈ। ਭਾਜਪਾ ਦੀ ਬਿਹਾਰ ਇਕਾਈ ਦੇ ਪ੍ਰਧਾਨ ਸਮਰਾਟ ਚੌਧਰੀ ਨੇ ਕਿਹਾ ਕਿ ਅਪਰਾਧੀ ਖੁੱਲ੍ਹੇਆਮ ਘੁੰਮ ਰਹੇ ਹਨ ਜਦਕਿ ਬਿਹਾਰ ਵਿਚ ਬੇਕਸੂਰ ਨਾਗਰਿਕਾਂ, ਪੱਤਰਕਾਰਾਂ ਅਤੇ ਇੱਥੋਂ ਤੱਕ ਕਿ ਪੁਲਸ ਵਾਲੇ ਵੀ ਮਾਰੇ ਜਾ ਰਹੇ ਹਨ।

Add a Comment

Your email address will not be published. Required fields are marked *