ਪਾਕਿਸਤਾਨ ਸਰਕਾਰ ਸਿੱਖ ਭਾਈਚਾਰੇ ਦੇ ਦੋ ਸਿੱਖਾਂ ਨੂੰ ਕੌਮੀ ਸਨਮਾਨ ਨਾਲ ਕਰੇਗੀ ਸਨਮਾਨਿਤ

ਅੰਮ੍ਰਿਤਸਰ – ਪਾਕਿਸਤਾਨ ਸਰਕਾਰ ਉੱਥੇ ਵਸਦੇ ਸਿੱਖ ਭਾਈਚਾਰੇ ਵਿਚ ਦੋ ਸਿੱਖਾਂ ਨੂੰ ਆਪਣੇ ਕੌਮੀ ਸਨਮਾਨ ਦੇ ਕੇ ਸਨਮਾਨਿਤ ਕਰਨ ਜਾ ਰਹੀ ਹੈ। ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਐਮਬੈਸਡਰ ਅਤੇ ਐੱਮ. ਐੱਨ. ਏ. ਰਮੇਸ਼ ਸਿੰਘ ਅਰੋੜਾ ਸਿਤਾਰਾ ਏ ਇਮਤਿਆਜ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾ. ਮੀਮਪਾਲ ਸਿੰਘ ਤਮਗਾ ਏ ਇਮਤਿਆਜ ਨੂੰ  ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਤਾਰਾ ਏ ਇਮਤਿਆਜ ਹਾਸਲ ਕਰਨ ਵਾਲੇ ਰਮੇਸ਼ ਸਿੰਘ ਅਰੋੜਾ ਪਾਕਿਸਤਾਨ ਦੇ ਪਹਿਲੇ ਸਿੱਖ ਹਨ। ਤਮਗਾ ਏ ਇਮਤਿਆਜ ਹਾਸਲ ਕਰਨ ਵਾਲੇ ਡਾਕਟਰ ਮੀਮਪਾਲ ਸਿੰਘ ਦੂਜੇ ਸਿੱਖ ਹਨ। ਇਸ ਤੋਂ ਪਹਿਲਾਂ ਇਹ ਸਨਮਾਨ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਸ਼ਾਮ ਸਿੰਘ ਨੂੰ ਦਿੱਤਾ ਗਿਆ ਸੀ। ‘ਜਗਬਾਣੀ’ ਨਾਲ ਗੱਲ ਕਰਦਿਆਂ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਇਹ ਸਨਮਾਨ 23 ਮਾਰਚ ਨੂੰ ਇਕ ਸਰਕਾਰੀ ਸਮਾਗਮ ਦੌਰਾਨ ਦਿੱਤਾ ਜਾਵੇਗਾ। ਡਾਕਟਰ ਮੀਮਪਾਲ ਸਿੰਘ ਪਾਕਿਸਤਾਨ ਦੇ ਪਹਿਲੇ ਸਿੱਖ ਡਾਕਟਰ ਹਨ ਤੇ ਉਨ੍ਹਾਂ ਨੂੰ ਬੱਚਿਆਂ ਦੇ ਇਲਾਜ ਵਿਚ ਮੁਹਾਰਤ ਹਾਸਲ ਹੈ। 

ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ ਇਹ ਸਨਮਾਨ ਮਿਲਣ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਦੁਨੀਆ ਭਰ ਵਿਚ ਸਿੱਖ ਜਿੱਥੇ ਵੀ ਵਸਦਾ ਹੈ, ਉਹ ਆਪਣੀ ਮਿਹਨਤ ਨਾਲ ਆਪਣਾ ਵਖਰਾ ਮੁਕਾਮ ਹਾਸਲ ਕਰਦਾ ਹੈ। ਉਨ੍ਹਾਂ ਦੋਹਾਂ ਆਗੂਆਂ ਨੂੰ ਵਧਾਈ ਦਿੰਦੇ ਕਿਹਾ ਕਿ ਇਸ ਨਾਲ ਬਾਕੀ ਸਿੱਖਾਂ ਦੇ ਮਨ ਵਿਚ ਵੀ ਉਤਸ਼ਾਹ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਬੇਸ਼ਕ ਪਾਕਿਸਤਾਨ ਵਿਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਦੇ ਬਾਵਜੂਦ ਇਨਾਂ ਸਿੱਖ ਵੀਰਾਂ ਦਾ ਸਨਮਾਨ ਪਾਕਿਸਤਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ ਹੈ।

ਇਸ ਮੌਕੇ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਤਾਰਾ ਸਿੰਘ, ਸਤਵੰਤ ਸਿੰਘ, ਜਰਨਲ ਸਕੱਤਰ ਵਿਕਾਸ਼ ਸਿੰਘ, ਪਾਕਿਸਤਾਨ ਦੇ ਪਹਿਲੇ ਪੀ.ਐੱਚ.ਡੀ ਸਿੱਖ ਡਾਕਟਰ ਕਲਿਆਣ ਸਿੰਘ, ਪਾਕਿਸਾਤਨ ਸਿੱਖ ਕੌਂਸਲ ਦੇ ਪ੍ਰਧਾਨ ਰਮੇਸ਼ ਸਿੰਘ ਖ਼ਾਲਸਾ ਸਮੇਤ ਵੱਖ-ਵੱਖ ਧਾਰਮਿਕ ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਨੇ ਇਸ ਦਾ ਸਵਾਗਤ ਕੀਤਾ ਹੈ।

Add a Comment

Your email address will not be published. Required fields are marked *