ਹਿੰਡਨਬਰਗ ਦਾ ਇਕ ਹੋਰ ਧਮਾਕਾ, ਅਡਾਨੀ ਤੋਂ ਬਾਅਦ ਹੁਣ ਇਹ ਕੰਪਨੀ ਨਿਸ਼ਾਨੇ ‘ਤੇ

ਵਾਸ਼ਿੰਗਟਨ : ਅਮਰੀਕੀ ਸ਼ਾਰਟ ਸੇਲਰ ਫਰਮ ਹਿੰਡਨਬਰਗ ਰਿਸਰਚ ਨੇ ਵੀਰਵਾਰ (23 ਮਾਰਚ) ਨੂੰ ਅਡਾਨੀ ਗਰੁੱਪ ਤੋਂ ਬਾਅਦ ਟਵਿਟਰ ਦੇ ਸਹਿ-ਸੰਸਥਾਪਕ ਅਤੇ ਸਾਬਕਾ ਸੀਈਓ ਜੈਕ ਡੋਰਸੀ ਦੀ ਕੰਪਨੀ ‘ਬਲਾਕ ਇੰਕ’ ਦੇ ਖ਼ਿਲਾਫ਼ ਰਿਪੋਰਟ ਜਾਰੀ ਕੀਤੀ ਹੈ। ਹਿੰਡਨਬਰਗ ਨੇ ਇਸ ਰਿਪੋਰਟ ਵਿੱਚ ਦੋਸ਼ ਲਾਇਆ ਹੈ ਕਿ ਡੋਰਸੀ ਦੀ ਮੋਬਾਇਲ ਪੇਮੈਂਟ ਕੰਪਨੀ ਬਲਾਕ ਇੰਕ ਨੇ ਆਪਣੇ ਖਪਤਕਾਰਾਂ ਅਤੇ ਗਾਹਕਾਂ ਨਾਲ ਧੋਖਾ ਕੀਤਾ ਹੈ ਤੇ ਧੋਖਾਧੜੀ ਦੇ ਜ਼ਰੀਏ 1 ਬਿਲੀਅਨ ਡਾਲਰ ਯਾਨੀ ਕਰੀਬ 8 ਹਜ਼ਾਰ ਕਰੋੜ ਰੁਪਏ ਕਮਾਏ ਹਨ।

ਹਿੰਡਨਬਰਗ ਨੇ ਕਿਹਾ, “ਸਾਡੀ 2 ਸਾਲ ਦੀ ਜਾਂਚ ਦਾ ਨਤੀਜਾ ਨਿਕਲਿਆ ਹੈ ਕਿ ਬਲਾਕ ਇੰਕ ਨੇ ਯੋਜਨਾਬੱਧ ਢੰਗ ਨਾਲ ਉਨ੍ਹਾਂ ਲੋਕਾਂ ਦਾ ਫਾਇਦਾ ਉਠਾਇਆ ਹੈ, ਜਿਨ੍ਹਾਂ ਦੀ ਮਦਦ ਕਰਨ ਦਾ ਦਾਅਵਾ ਕੀਤਾ ਗਿਆ ਹੈ।” ਬਲਾਕ ਇੰਕ ਨੇ ਆਪਣੇ ਯੂਜ਼ਰਸ ਦੀ ਗਿਣਤੀ ਵੀ ਵਧਾ-ਚੜ੍ਹਾ ਕੇ ਦਿਖਾਈ ਹੈ। ਨਾਲ ਹੀ ਕੰਪਨੀ ਨੇ ਨਵੇਂ ਗਾਹਕਾਂ ਨੂੰ ਜੋੜਨ ਦੀ ਲਾਗਤ ਨੂੰ ਕਾਫ਼ੀ ਘਟਾ ਕੇ ਦੱਸਿਆ ਹੈ। ਹਿੰਡਨਬਰਗ ਨੇ ਕਿਹਾ ਕਿ ਉਸ ਨੇ ਬਲਾਕ ਦੇ ਸ਼ੇਅਰਾਂ ਵਿੱਚ ਇਕ ਛੋਟੀ ਸਥਿਤੀ ਲੈ ਰੱਖੀ ਸੀ, ਯਾਨੀ ਕਿ ਉਸ ਨੇ ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ‘ਤੇ ਸੱਟਾ ਲਗਾਇਆ ਸੀ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਬਲਾਕ ਇੰਕ ਦੇ ਸਟਾਕ ‘ਚ ਕਰੀਬ 20 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੇਅਰਾਂ ‘ਚ ਗਿਰਾਵਟ ਕਾਰਨ ਕੰਪਨੀ ਨੂੰ ਅਰਬਾਂ ਦਾ ਨੁਕਸਾਨ ਹੋਇਆ ਹੈ। ਹਿੰਡਨਬਰਗ ਦਾ ਦਾਅਵਾ ਹੈ ਕਿ ਬਲਾਕ ਦੇ ਸ਼ੇਅਰ 65-70% ਵੱਧ ਕੀਮਤ ਵਾਲੇ ਹਨ।

ਦੱਸ ਦੇਈਏ ਕਿ ਜੈਕ ਡੋਰਸੀ, ਜੋ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਦੇ ਸਹਿ-ਸੰਸਥਾਪਕ ਸਨ, ਨੇ 2009 ਵਿੱਚ ਬਲਾਕ ਇੰਕ ਦੀ ਸਥਾਪਨਾ ਕੀਤੀ ਸੀ। ਇਹ ਕੰਪਨੀ ਟੈਕਨਾਲੋਜੀ ਨਾਲ ਸਬੰਧਤ ਹੈ। ਬਲਾਕ ਇੰਕ ਪਹਿਲਾਂ ਸਕੁਏਅਰ (Square) ਦੇ ਨਾਂ ਵਜੋਂ ਜਾਣੀ ਜਾਂਦੀ ਸੀ। ਕੰਪਨੀ ਦੀ ਮਾਰਕੀਟ ਕੈਪ ਲਗਭਗ $44 ਬਿਲੀਅਨ ਹੈ।

ਹੁਣ ਤੱਕ 17 ਕੰਪਨੀਆਂ ਬਾਰੇ ਕੀਤੇ ਖੁਲਾਸੇ

ਨਾਥਨ ਐਂਡਰਸਨ ਦੀ ਅਗਵਾਈ ਵਾਲੀ ਸ਼ਾਰਟ ਸੇਲਰ ਫਰਮ ਹਿੰਡਨਬਰਗ ਨੇ 2017 ਤੋਂ ਦੁਨੀਆ ਭਰ ਦੀਆਂ 17 ਕੰਪਨੀਆਂ ਵਿੱਚ ਕਥਿਤ ਗਲਤ ਕੰਮਾਂ ਬਾਰੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਅਡਾਨੀ ਸਮੂਹ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਸਾਲ 2022 ‘ਚ ਇਸ ਨੇ ਟਵਿੱਟਰ ਇੰਕ ਬਾਰੇ ਇਕ ਰਿਪੋਰਟ ਵੀ ਜਾਰੀ ਕੀਤੀ ਸੀ। ਅਡਾਨੀ ਸਮੂਹ ਬਾਰੇ ਪ੍ਰਕਾਸ਼ਿਤ ਆਪਣੀ ਰਿਪੋਰਟ ਵਿੱਚ ਹਿੰਡਨਬਰਗ ਨੇ ਸਟਾਕ ਵਿੱਚ ਹੇਰਾਫੇਰੀ ਤੋਂ ਲੈ ਕੇ ਕਰਜ਼ੇ ਤੱਕ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਹਾਲਾਂਕਿ ਅਡਾਨੀ ਸਮੂਹ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਪਰ ਇਸ ਰਿਪੋਰਟ ਦਾ ਨਿਵੇਸ਼ਕਾਂ ਦੀਆਂ ਭਾਵਨਾਵਾਂ ‘ਤੇ ਕੀ ਅਸਰ ਪਿਆ, ਇਹ ਸਭ ਦੇ ਸਾਹਮਣੇ ਹੈ। ਸਿਰਫ 2 ਮਹੀਨਿਆਂ ਵਿੱਚ ਗੌਤਮ ਅਡਾਨੀ ਨੇ ਆਪਣੀ 60 ਫ਼ੀਸਦੀ ਦੌਲਤ ਗੁਆ ਦਿੱਤੀ।

ਹਿੰਡਨਬਰਗ ਨੇ ਇਸ ਤੋਂ ਪਹਿਲਾਂ ਜ਼ਿਨ੍ਹਾਂ ਕੰਪਨੀਆਂ ਨੂੰ ਲੈ ਕੇ ਆਪਣੀ ਖੋਜ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਉਨ੍ਹਾਂ ‘ਚ ਅਮਰੀਕੀ ਫਰਮਾਂ ਸ਼ਾਮਲ ਹਨ। Nikola, SCWORX, Genius Brand, Ideanomic, Wins Finance, Genius Brands, SC Wrox, HF Food, Bloom Energy, Aphria, Riot Blockchain, Opko Health, Pershing Gold, RD Legal, Twitter Inc ਵਰਗੀਆਂ ਕੁਝ ਵੱਡੀਆਂ ਕੰਪਨੀਆਂ ਸ਼ਾਮਲ ਹਨ, ਜੋ ਸ਼ਾਰਟ ਸੇਲਰ ਫਰਮ ਦੁਆਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।

Add a Comment

Your email address will not be published. Required fields are marked *