ਲਾਲ ਕਿਲ੍ਹੇ ਤੋਂ ਸੰਬੋਧਨ ਦੌਰਾਨ ਬੋਲੇ PM ਮੋਦੀ- ਦੇਸ਼ ਮਣੀਪੁਰ ਨਾਲ ਹੈ

ਨਵੀਂ ਦਿੱਲੀ- ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ਤੋਂ ਆਪਣਾ ਸੰਬੋਧਨ ਸ਼ੁਰੂ ਕਰਦੇ ਹੋਏ ਕਿਹਾ,”ਦੇਸ਼ ਦੀ ਆਜ਼ਾਦੀ ਦੀ ਜੰਗ ‘ਚ ਜਿਹੜੇ ਲੋਕਾਂ ਨੇ ਯੋਗਦਾਨ ਅਤੇ ਬਲੀਦਾਨ ਦਿੱਤਾ, ਤਿਆਗ ਕੀਤਾ, ਉਨ੍ਹਾਂ ਸਾਰਿਆਂ ਨੂੰ ਨਮਨ ਕਰਦਾ ਹਾਂ।” ਉਨ੍ਹਾਂ ਕਿਹਾ,”ਮੈਂ ਭਾਰਤ ਦੇ ਆਜ਼ਾਦੀ ਸੰਗ੍ਰਾਮ ‘ਚ ਆਪਣਾ ਯੋਗਦਾਨ ਦੇਣ ਵਾਲੇ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।” ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ ਦਿਨੀਂ ਮਣੀਪੁਰ ‘ਚ ਹਿੰਸਾ ਦਾ ਦੌਰ ਚਲਿਆ। ਮਾਵਾਂ-ਧੀਆਂ ਦੇ ਸਨਮਾਨ ਨਾਲ ਖਿਲਵਾੜ ਹੋਇਆ ਪਰ ਅੱਜ ਦੇਸ਼ ਮਣੀਪੁਰ ਦੇ ਲੋਕਾਂ ਨਾਲ ਹੈ। ਮਣੀਪੁਰ ‘ਚ ਹੁਣ ਸ਼ਾਂਤੀ ਬਹਾਲ ਹੋ ਰਹੀ ਹੈ ਅਤੇ ਸ਼ਾਂਤੀ ਨਾਲ ਹੀ ਹੱਲ ਨਿਕਲੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਕੁਦਰਤੀ ਆਫ਼ਤ ਨੇ ਦੇਸ਼ ਦੇ ਕਈ ਹਿੱਸਿਆਂ ‘ਚ ਸੰਕਟ ਪੈਦਾ ਕੀਤੇ ਹਨ, ਜਿਹੜੇ ਪਰਿਵਾਰਾਂ ਨੇ ਇਨ੍ਹਾਂ ਦਾ ਸਾਹਮਣਾ ਕੀਤਾ, ਉਨ੍ਹਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ। ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਸੰਕਟ ਨਾਲ ਨਜਿੱਠਣਗੇ, ਤਰੱਕੀ ਦੇ ਰਸਤੇ ‘ਤੇ ਅੱਗੇ ਵਧਾਂਗੇ। 

ਉਨ੍ਹਾਂ ਕਿਹਾ,”ਅਸੀਂ ਅੰਮ੍ਰਿਤਕਾਲ ‘ਚ ਪ੍ਰਵੇਸ਼ ਕਰ ਗਏ ਹਨ, ਜੋ ਸਾਨੂੰ ਹਜ਼ਾਰ ਸਾਲਾਂ ਦੇ ਸੁਨਹਿਰੀ ਯੁਗ ‘ਚ ਲੈ ਜਾਵੇਗਾ। ਦੇਸ਼ ਅਤੇ ਦੁਨੀਆ ਦਾ ਭਾਰਤ ‘ਚ ਭਰੋਸਾ ਹੈ ਅਤੇ ਉਨ੍ਹਾਂ ਦੀ ਭਾਰਤ ਤੋਂ ਬਹੁਤ ਵੱਡੀ ਉਮੀਦ ਹੈ।” ਉਨ੍ਹਾਂ ਕਿਹਾ ਕਿ ਭਾਰਤ ਦੇ ਅੰਮ੍ਰਿਤਕਾਲ ਦੇ ਕਾਲਖੰਡ ‘ਚ ਅਸੀਂ ਜਿੰਨਾ ਤਿਆਗ ਕਰਾਂਗੇ ਆਉਣ ਵਾਲੇ ਇਕ ਹਜ਼ਾਰ ਸਾਲ ਦਾ ਸੁਨਹਿਰੀ ਇਤਿਹਾਸ ਉਸ ਤੋਂ ਅੰਕੁਰਿਤ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,”ਸਾਡੇ ਕੋਲ ਡੈਮੋਗ੍ਰਾਫ਼ੀ, ਡੈਮੋਕ੍ਰੇਸੀ ਅਤੇ ਡਾਇਵਰਸਿਟੀ ਦੀ ਤ੍ਰਿਵੇਨੀ ਹੈ, ਜੋ ਭਾਰਤ ਨੂੰ ਬਹੁਤ ਅੱਗੇ ਲਿਜਾਏਗੀ।” ਪੀ.ਐੱਮ. ਮੋਦੀ ਨੇ ਇਸ ਮੌਕੇ ਵਿਸ਼ਵਕਰਮਾ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰ ਕੇ ਅਰਥਵਿਵਸਥਾ ਨੂੰ ਮਜ਼ਬੂਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜਨਤਾ ਦੀ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਵੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਆਜ਼ਾਦੀ ਲਈ ਆਪਣੀ ਜਾਨ ਦੇਣ ਵਾਲੇ ਬਹਾਦਰਾਂ ਨੂੰ ਵੀ ਸ਼ਰਧਾਂਜਲੀ ਦਿੱਤੀ।

Add a Comment

Your email address will not be published. Required fields are marked *