ਪੈਰਿਸ: ਆਈਫਲ ਟਾਵਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪੈਰਿਸ ਦੇ ਆਈਫਲ ਟਾਵਰ ਨੂੰ ਬੰਬ ਉਡਾਉਣ ਦੀ ਧਮਕੀ ਮਿਲੀ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਆਈਫਲ ਟਾਵਰ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਹੈ ਤੇ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਬੰਬ ਨਿਰੋਧਕ ਦਸਤਾ ਮੌਕੇ ‘ਤੇ ਮੌਜੂਦ ਹੈ। ਪੁਲਸ ਮੁਲਾਜ਼ਮਾਂ ਵੱਲੋਂ ਆਸ-ਪਾਸ ਦੇ ਇਲਾਕਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਸ਼ਨੀਵਾਰ ਦੁਪਹਿਰ ਨੂੰ ਇਹ ਖ਼ਬਰ ਆਈ ਸੀ ਕਿ ਪੈਰਿਸ ਦੇ ਆਈਫਲ ਟਾਵਰ ਨੂੰ ਕੁਝ ਘੰਟਿਆਂ ਵਿੱਚ ਬੰਬ ਨਾਲ ਉਡਾ ਦਿੱਤਾ ਜਾਵੇਗਾ। ਸੂਚਨਾ ਤੋਂ ਬਾਅਦ ਆਈਫਲ ਟਾਵਰ ਦੀਆਂ ਤਿੰਨ ਮੰਜ਼ਿਲਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ। ਬੰਬ ਨਿਰੋਧਕ ਮਾਹਿਰਾਂ ਦੇ ਨਾਲ ਪੁਲਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਬ ਇਕ ਰੈਸਟੋਰੈਂਟ ਵਿੱਚ ਲੁਕਾਇਆ ਗਿਆ ਸੀ। ਇਸ ਤੋਂ ਬਾਅਦ ਸਾਰੇ ਲੋਕਾਂ ਨੂੰ ਟਾਵਰ ‘ਚੋਂ ਬਾਹਰ ਨਿਕਲਣ ਲਈ ਕਿਹਾ ਗਿਆ। ਰੈਸਟੋਰੈਂਟ ਸਮੇਤ ਪੂਰੇ ਟਾਵਰ ਦੀ ਤਲਾਸ਼ੀ ਲਈ ਜਾ ਰਹੀ ਹੈ। ਅਜੇ ਤੱਕ ਕਿਸੇ ਤਰ੍ਹਾਂ ਦਾ ਬੰਬ ਮਿਲਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ।

ਆਈਫਲ ਟਾਵਰ ‘ਤੇ ਉਸਾਰੀ ਦਾ ਕੰਮ ਜਨਵਰੀ 1887 ਵਿੱਚ ਸ਼ੁਰੂ ਹੋਇਆ ਅਤੇ 31 ਮਾਰਚ 1889 ਨੂੰ ਪੂਰਾ ਹੋਇਆ ਸੀ। 1889 ਦੇ ਵਰਲਡ ਫੇਅਰ ਦੌਰਾਨ 20 ਲੱਖ ਸੈਲਾਨੀਆਂ ਨੇ ਆਈਫਲ ਟਾਵਰ ਨੂੰ ਦੇਖਿਆ ਸੀ। ਇਸ ਨੂੰ ਦੇਖਣ ਲਈ ਦੁਨੀਆ ਭਰ ਤੋਂ ਲੱਖਾਂ ਲੋਕ ਆਉਂਦੇ ਹਨ। ਇਸ ਤੋਂ ਪਹਿਲਾਂ ਸਤੰਬਰ 2020 ਵਿੱਚ ਵੀ ਅਜਿਹੀ ਘਟਨਾ ਸਾਹਮਣੇ ਆ ਚੁੱਕੀ ਹੈ। ਇਸ ਦੇ ਨਾਲ ਹੀ ਮਈ 2018 ਵਿੱਚ ਹੀ ਟਾਵਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ।

ਦੱਸ ਦੇਈਏ ਕਿ ਆਈਫਲ ਟਾਵਰ ਦੀ ਉਚਾਈ ਐਂਟੀਨਾ ਸਮੇਤ 324 ਮੀਟਰ ਹੈ। ਇਸ ਪੂਰੇ ਟਾਵਰ ਨੂੰ ਬਣਾਉਣ ਲਈ 18,038 ਲੋਹੇ ਦੇ ਟੁਕੜਿਆਂ ਦੀ ਵਰਤੋਂ ਕੀਤੀ ਗਈ ਹੈ, ਜਦੋਂ ਕਿ ਇਨ੍ਹਾਂ ਨੂੰ ਇਕ ਦੂਜੇ ਨਾਲ ਜੋੜਨ ਲਈ 2.5 ਮਿਲੀਅਨ ਮੇਖਾਂ ਦੀ ਵਰਤੋਂ ਕੀਤੀ ਗਈ ਹੈ।

Add a Comment

Your email address will not be published. Required fields are marked *