ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ WFI ਦੀਆਂ ਚੋਣਾਂ ’ਤੇ ਲਾਈ ਰੋਕ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 12 ਅਗਸਤ ਨੂੰ ਨਿਰਧਾਰਤ ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਿਊ. ਐੱਫ. ਆਈ.) ਦੀਆਂ ਚੋਣਾਂ ’ਤੇ ਸ਼ੁੱਕਰਵਾਰ ਨੂੰ ਰੋਕ ਲਾ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤੀ ਓਲਿੰਪਿਕ ਐਸੋਸੀਏਸ਼ਨ (ਆਈ. ਓ. ਏ.) ਦੀ ਦੇਖ-ਰੇਖ ’ਚ ਚੱਲ ਰਹੀਆਂ ਡਬਲਿਊ. ਐੱਫ. ਆਈ. ਦੀਆਂ ਚੋਣਾਂ ਜੂਨ 2023 ’ਚ ਹੋਣੀਆਂ ਸੀ ਪਰ ਪਹਿਲਵਾਨਾਂ ਦੇ ਪ੍ਰਦਰਸ਼ਨ ਅਤੇ ਕਾਨੂੰਨੀ ਪਟੀਸ਼ਨਾਂ ਕਾਰਨ ਚੋਣਾਂ ਕਈ ਵਾਰ ਟਲ ਚੁੱਕੀਆਂ ਹਨ। ਡਬਲਿਊ. ਐੱਫ. ਆਈ. ਦੀ ਗਵਰਨਿੰਗ ਬਾਡੀ ਦੇ 15 ਅਹੁਦਿਆਂ ਲਈ 30 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਹੈ।

ਡਬਲਿਊ. ਐੱਫ. ਆਈ. ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ ਅਤੇ 2010 ਰਾਸ਼ਟਰਮੰਡਲ ਖੇਡਾਂ ਦੀ ਗੋਲਡ ਮੈਡਲਿਸਟ ਪਹਿਲਵਾਨ ਅਨੀਤਾ ਸ਼ਿਓਰਾਣ ਦਰਮਿਆਨ ਪ੍ਰਧਾਨਗੀ ਅਹੁਦੇ ਲਈ ਮੁਕਾਬਲਾ ਹੋਣਾ ਹੈ। ਬ੍ਰਿਜਭੂਸ਼ਣ ’ਤੇ ਮਹਿਲਾ ਪਹਿਲਵਾਨਾਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਡਬਲਿਊ. ਐੱਫ. ਆਈ. ਨੂੰ ਪਹਿਲਾਂ ਜਨਵਰੀ ’ਚ ਅਤੇ ਫਿਰ ਮਈ ’ਚ ਸਸਪੈਂਡ ਕਰ ਦਿੱਤਾ ਗਿਆ ਸੀ। ਡਬਲਿਊ. ਐੱਫ. ਆਈ. ਦੇ ਰੋਜ਼ਾਨਾ ਮਾਮਲਿਆਂ ਦਾ ਪ੍ਰਬੰਧਨ ਮੌਜੂਦਾ ’ਚ ਆਈ. ਓ. ਏ. ਵੱਲੋਂ ਗਠਿਤ ਭੂਪੇਂਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਵਾਲੀ ਐਡਹਾਕ ਕਮੇਟੀ ਕਰ ਰਹੀ ਹੈ।

Add a Comment

Your email address will not be published. Required fields are marked *