GNDU ਦੀ ਵਿਦਿਆਰਥਣ ਨੂੰ ਸਕਿਓਰਿਟੀ ਗਾਰਡ ਨੇ ਮਾਰਿਆ ਥੱਪੜ

ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ  ਪੀਐੱਚ. ਡੀ. ਦੀ ਵਿਦਿਆਰਥਣ ਨੂੰ ਅੱਜ ਦੇਰ ਸ਼ਾਮ ਇਕ ਸਕਿਓਰਿਟੀ ਗਾਰਡ ਵੱਲੋਂ ਥੱਪੜ ਮਾਰਨ ਦੇ ਮਾਮਲੇ ਨੇ ਇੰਨਾ ਤੂਲ ਫੜਿਆ ਕਿ ਜੀ. ਐੱਨ. ਡੀ. ਯੂ. ਦੇ ਸਾਰੇ ਹੋਸਟਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਮੁੱਖ ਗੇਟ ’ਤੇ ਧਰਨਾ ਲਾ ਦਿੱਤਾ। ਵਿਦਿਆਰਥੀ ਜਿਥੇ ਜੀ.ਐੱਨ.ਡੀ.ਯੂ. ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ, ਉੱਥੇ ਹੀ ਸਕਿਓਰਿਟੀ ਗਾਰਡ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ।

ਕਾਨੂੰਨ ਵਿਭਾਗ ਦੀ ਵਿਦਿਆਰਥਣ ਨੇ ਦੱਸਿਆ ਕਿ ਜਿਵੇਂ ਹੀ ਉਹ ਦੇਰ ਸ਼ਾਮ ਹੋਸਟਲ ਜਾਣ ਲਈ ਜੀ.ਐੱਨ.ਡੀ.ਯੂ. ਦੇ ਮੁੱਖ ਗੇਟ ’ਤੇ ਪੁੱਜੀ ਤਾਂ ਸਕਿਓਰਿਟੀ ਗਾਰਡ ਵੱਲੋਂ ਉਸ ਤੋਂ ਆਈ. ਡੀ. ਕਾਰਡ ਮੰਗਿਆ ਗਿਆ, ਜਿਸ ’ਤੇ ਉਸ ਨੇ ਜਦੋਂ ਆਪਣਾ ਸ਼ਨਾਖ਼ਤੀ ਕਾਰਡ ਦਿਖਾਇਆ ਤਾਂ ਸਕਿਓਰਿਟੀ ਗਾਰਡ ਉਸ ਦੀ ਮਿਆਦ ਪੁੱਗਣ ਕਾਰਨ ਉਸ ਨਾਲ ਬਹਿਸ ਕਰਨ ਲੱਗਾ।

ਜਦੋਂ ਉਸ ਨੇ ਨਵੇਂ ਸ਼ਨਾਖ਼ਤੀ ਕਾਰਡ ਦੀ ਸਾਫ਼ਟ ਕਾਪੀ ਉਸ ਨੂੰ ਮੋਬਾਈਲ ’ਤੇ ਦਿਖਾਈ ਤਾਂ ਉਸ ਨੇ ਉਸ ਦਾ ਮੋਬਾਈਲ ਖੋਹ ਲਿਆ, ਜਿਸ ’ਤੇ ਦੋਵਾਂ ’ਚ ਬਹਿਸ ਹੋ ਗਈ ਅਤੇ ਗਾਰਡ ਨੇ ਉਸ ਨੂੰ ਥੱਪੜ ਮਾਰ ਦਿੱਤਾ। ਜਿਸ ’ਤੇ ਵਿਦਿਆਰਥਣ ਨੇ ਆਪਣੇ ਸਮੇਤ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਅਤੇ ਸਾਰੇ ਹੋਸਟਲ ਦੇ ਵਿਦਿਆਰਥੀ ਵੱਡੀ ਗਿਣਤੀ ’ਚ ਮੇਨ ਗੇਟ ’ਤੇ ਇਕੱਠੇ ਹੋ ਗਏ। ਵਿਦਿਆਰਥੀਆਂ ਵੱਲੋਂ ਇਸ ਸਬੰਧੀ ਵਾਈਸ ਚਾਂਸਲਰ ਦਫ਼ਤਰ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਵੀ ਦਿੱਤੀ ਗਈ ਪਰ  GNDU ਮੈਨੇਜਮੈਂਟ ਵੱਲੋਂ ਕੋਈ ਵੀ ਅਧਿਕਾਰੀ ਦੇਰ ਰਾਤ ਤਕ ਉਥੇ ਨਾ ਪਹੁੰਚਣ ਕਾਰਨ ਵਿਦਿਆਰਥੀ ਖ਼ਬਰ ਲਿਖੇ ਜਾਣ ਤੱਕ ਮੁੱਖ ਗੇਟ ’ਤੇ ਧਰਨੇ ’ਤੇ ਬੈਠ ਕੇ ਇਨਸਾਫ਼ ਦੀ ਮੰਗ ਕਰ ਰਹੇ ਸਨ।

Add a Comment

Your email address will not be published. Required fields are marked *