2 ਧਿਰਾਂ ‘ਚ ਜ਼ਮੀਨੀ ਝਗੜੇ ਦੌਰਾਨ ਔਰਤ ਨੇ ਚਲਾਈ ਗੋਲ਼ੀ

ਗੁਰਦਾਸਪੁਰ : ਪਿੰਡ ਆਲੇਚੱਕ ‘ਚ 9 ਕਨਾਲ 7 ਮਰਲੇ ਦੀ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਾਲੇ ਚੱਲ ਰਹੇ ਝਗੜੇ ਦੌਰਾਨ ਇਕ ਧਿਰ ਦੀ ਔਰਤ ਨੇ ਹਵਾਈ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਵੱਲੋਂ ਔਰਤ ਸਮੇਤ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉੱਥੇ ਹੀ ਔਰਤ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੋਸ਼ ਲਾਏ ਕਿ ਇਹ ਜ਼ਮੀਨ ਉਸ ਦੇ ਸਵਰਗਵਾਸੀ ਪਤੀ ਕਰਨਲ ਦੇ ਨਾਂ ਸੀ, ਜਿਸ ਵਿੱਚ ਉਹ ਲੰਬੇ ਸਮੇਂ ਤੋਂ ਖੇਤੀ ਕਰ ਰਹੀ ਹੈ। ਇਸ ਜ਼ਮੀਨ ਦਾ ਮਾਣਯੋਗ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ ਅਤੇ ਅਦਾਲਤ ਨੇ ਉਨ੍ਹਾਂ ਨੂੰ ਲਿਖਤੀ ਹੁਕਮ ਕੀਤੇ ਹਨ ਕਿ ਜਿੰਨਾ ਚਿਰ ਇਸ ਜ਼ਮੀਨ ਦੀ ਕੋਈ ਸੁਣਵਾਈ ਨਹੀਂ ਹੁੰਦੀ, ਇਸ ਜ਼ਮੀਨ ‘ਤੇ ਉਹ ਖੇਤੀ ਕਰ ਸਕਦੇ ਹਨ ਪਰ ਬੀਤੇ ਕੱਲ੍ਹ ਜਦੋਂ ਉਹ ਜ਼ਮੀਨ ਵਾਹ ਰਹੇ ਸਨ ਤਾਂ ਦੂਜੀ ਧਿਰ ਨੇ ਉਸ ਉਪਰ ਹਮਲਾ ਕਰ ਦਿੱਤਾ। ਉਨ੍ਹਾਂ ਦਾ ਟਰੈਕਟਰ ਛੱਪੜ ‘ਚ ਸੁੱਟ ਦਿੱਤਾ ਤੇ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਫਾਇਰਿੰਗ ਕਰਨੀ ਪਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਰਨਲ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਦੂਜੀ ਧਿਰ ਦੇ ਕਿਸੇ ਵੀ ਵਿਅਕਤੀ ‘ਤੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਉਸ ਉਪਰ ਤੇ ਉਸ ਦੇ ਭਰਵਾਂ ‘ਤੇ ਝੂਠਾ ਮਾਮਲਾ ਦਰਜ ਕੀਤਾ ਹੈ। ਔਰਤ ਦੇ ਭਰਾ ਗੁਰਪੇਜ ਸਿੰਘ ਨੇ ਵੀ ਦੱਸਿਆ ਕਿ ਜਦੋਂ ਇਹ ਝਗੜਾ ਹੋਇਆ ਸੀ ਤਾਂ ਉਹ ਡਿਊਟੀ ‘ਤੇ ਸੀ। ਘਰ ‘ਚ ਮੌਜੂਦ ਨਾ ਹੋਣ ਦੇ ਬਾਵਜੂਦ ਉਸ ਉੱਪਰ ਜਾਣਬੁਝ ਕੇ ਝੂਠਾ ਪਰਚਾ ਦਰਜ ਕੀਤਾ ਗਿਆ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਇਸ ਪਰਚੇ ਨੂੰ ਰੱਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।

ਇਸ ਸਬੰਧੀ ਦੂਜੀ ਧਿਰ ਨਾਲ ਸਬੰਧਤ ਨੌਜਵਾਨ ਮੇਜਰ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਉਨ੍ਹਾਂ ਨੇ ਖਰੀਦੀ ਹੈ, ਜਿਸ ਦੀ ਰਜਿਸਟਰੀ, ਇੰਤਕਾਲ ਆਦਿ ਸਭ ਉਨ੍ਹਾਂ ਦੇ ਨਾਂ ਹੋ ਚੁੱਕਾ ਹੈ। ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਇਸ ਜ਼ਮੀਨ ‘ਤੇ ਪੱਠੇ ਬੀਜੇ ਹੋਏ ਸਨ ਪਰ ਇਸ ਔਰਤ ਨੇ ਬੀਤੀ ਕੱਲ੍ਹ ਜ਼ਮੀਨ ਨੂੰ ਟਰੈਕਟਰ ਲਿਆ ਕੇ ਵਾਹ ਦਿੱਤਾ, ਜਦੋਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਨ੍ਹਾਂ ਦੇ ਬੰਦਿਆਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ। ਇਸ ਔਰਤ ਨੇ ਸਾਡੇ ਉੱਪਰ ਫਾਇਰਿੰਗ ਕਰ ਦਿੱਤੀ ਤੇ ਸਾਨੂੰ ਭੱਜ ਕੇ ਜਾਣ ਬਚਾਉਣੀ ਪਈ ਪਰ ਪੁਲਸ ਨੇ ਇਸ ਔਰਤ ‘ਤੇ ਇਰਾਦਾ ਕਤਲ ਦੀ ਧਾਰਾ ਨਹੀਂ ਲਗਾਈ। ਉਨ੍ਹਾਂ ਮੰਗ ਕੀਤੀ ਕਿ ਇਸ ਔਰਤ ‘ਤੇ ਇਰਾਦਾ ਕਤਲ ਦੀ ਧਾਰਾ ਲਗਾਈ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।

ਇਸ ਸਬੰਧੀ ਥਾਣਾ ਸਦਰ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ਵਿਚਾਲੇ ਝਗੜਾ ਹੋਇਆ ਸੀ ਅਤੇ ਇਕ ਧਿਰ ਦੀ ਔਰਤ ਵੱਲੋਂ ਫਾਇਰਿੰਗ ਕੀਤੀ ਗਈ ਹੈ। ਮੌਕੇ ‘ਤੇ ਪਹੁੰਚ ਕੇ ਝਗੜੇ ਨੂੰ ਖਤਮ ਕਰਵਾਇਆ ਗਿਆ ਅਤੇ ਔਰਤ ਸਮੇਤ ਉਸ ਦੇ ਭਰਾਵਾਂ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜੇਕਰ ਉਸ ਦੇ ਭਰਾਵਾਂ ‘ਤੇ ਗਲਤ ਪਰਚਾ ਦਰਜ ਹੋਇਆ ਹੈ ਤਾਂ ਉਸ ਦੀ ਜਾਂਚ ਕੀਤੀ ਜਾਏਗੀ।

Add a Comment

Your email address will not be published. Required fields are marked *