ਰਾਸ਼ਟਰਪਤੀ ਬਾਈਡੇਨ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਮੌਤ

ਅਮਰੀਕਾ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਬੁੱਧਵਾਰ ਨੂੰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਏਜੰਟ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਉਟਾਹ ਦੇ ਰਹਿਣ ਵਾਲੇ ਸ਼ੱਕੀ ਨੂੰ ਰਾਸ਼ਟਰਪਤੀ ਬਾਈਡੇਨ ਦੇ ਰਾਜ ਵਿੱਚ ਪਹੁੰਚਣ ਤੋਂ ਪਹਿਲਾਂ ਗੋਲੀ ਮਾਰ ਦਿੱਤੀ ਗਈ। ਬਾਈਡੇਨ ਪੱਛਮੀ ਅਮਰੀਕਾ ਦਾ ਦੌਰਾ ਕਰ ਰਹੇ ਹਨ। ਉਹ ਬੁੱਧਵਾਰ ਨੂੰ ਨਿਊ ਮੈਕਸੀਕੋ ਗਏ ਸਨ ਅਤੇ ਬਾਅਦ ਵਿਚ ਉਟਾਹ ਜਾਣ ਵਾਲੇ ਸਨ।

ਐੱਫ.ਬੀ.ਆਈ. ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਸ਼ੇਸ਼ ਏਜੰਟ ਸਾਲਟ ਲੇਕ ਸਿਟੀ ਦੇ ਦੱਖਣ ਵਿੱਚ ਸਥਿਤ ਪ੍ਰੋਵੋ ਵਿੱਚ ਕ੍ਰੇਗ ਡਿਲੀਯੂ ਰੌਬਰਟਸਨ ਦੇ ਘਰ ਇੱਕ ਵਾਰੰਟ ਲੈ ਕੇ ਪਹੁੰਚੇ ਸਨ, ਉਦੋਂ ਸਵੇਰੇ 6:15 ਵਜੇ ਗੋਲੀਬਾਰੀ ਹੋਈ। ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਰੌਬਰਟਸਨ ਹਥਿਆਰਾਂ ਨਾਲ ਲੈਸ ਸੀ। ਰੌਬਰਟਸਨ ਨੇ ਸੋਮਵਾਰ ਨੂੰ ਪੋਸਟ ਕੀਤੀ ਸੀ ਕਿ ਉਸਨੇ ਸੁਣਿਆ ਕਿ ਬਾਈਡੇਨ ਉਟਾਹ ਆ ਰਹੇ ਹਨ ਅਤੇ ਉਹ (ਮੁਲਜ਼ਮ) ਆਪਣਾ ਕੈਮੋਫਲੇਜ ਸੂਟ ਕੱਢਣ ਅਤੇ ‘M24 ਸਨਾਈਪਰ ਰਾਈਫਲ ਤੋਂ ਮਿੱਟੀ ਹਟਾਉਣ’ ਦੀ ਤਿਆਰੀ ਕਰ ਰਿਹਾ ਹੈ।

ਇੱਕ ਹੋਰ ਪੋਸਟ ਵਿੱਚ ਰੌਬਰਟਸਨ ਨੇ ਆਪਣੇ ਆਪ ਨੂੰ ‘MAGA ਟਰੰਪਰ’ ਦੱਸਿਆ, ਜੋ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ “ਮੇਕ ਅਮਰੀਕਾ ਗਰੇਟ ਅਗੇਨ’ ਨਾਅਰੇ ਦੇ ਸੰਦਰਭ ਵਿਚ ਹੈ। ਅਧਿਕਾਰੀਆਂ ਨੇ ਕਿਹਾ ਕਿ ਰੌਬਰਟਸਨ ਨੇ ਸਤੰਬਰ 2022 ਵਿੱਚ ਫੇਸਬੁੱਕ ‘ਤੇ ਇੱਕ ਪੋਸਟ ਵਿੱਚ ਲਿਖਿਆ ਸੀ, “ਕਿਸੇ ਰਾਸ਼ਟਰਪਤੀ ਦਾ ਕਤਲ ਕਰਨ ਲਈ ਇਹ ਸਹੀ ਸਮਾਂ ਹੈ। ਪਹਿਲਾਂ ਜੋਅ ਬਾਈਡੇਨ ਅਤੇ ਫਿਰ ਕਮਲਾ…।” ਐੱਫ.ਬੀ.ਆਈ. ਨੇ ਅਜੇ ਤੱਕ ਗੋਲੀਬਾਰੀ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ।

Add a Comment

Your email address will not be published. Required fields are marked *