ਲੰਡਨ ’ਚ ਤਿਰੰਗਾ ਉਤਾਰਣ ਦੇ ਵਿਰੋਧ ‘ਚ ਸੈਂਕੜੇ ਭਾਰਤੀ ਹੋਏ ਇਕੱਠੇ

ਲੰਡਨ : ਲੰਡਨ ’ਚ ਐਤਵਾਰ ਨੂੰ ਭਾਰਤੀ ਹਾਈ ਕਮਿਸ਼ਨ ’ਤੇ ਖਾਲਿਸਤਾਨੀਆਂ ਦੇ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਦੂਜਾ ਰੰਗ ਦੇਖਣ ਨੂੰ ਮਿਲਿਆ। ਅਣਗਿਣਤ ਭਾਰਤੀ ਨਾਗਰਿਕ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਸਿੱਖ ਵੀ ਸ਼ਾਮਲ ਹੋਏ, ਭਾਰਤੀ ਹਾਈ ਕਮਿਸ਼ਨ ਦੇ ਬਾਹਰ ਤਿਰੰਗੇ ਲੈ ਕੇ ਇਕੱਠੇ ਹੋਏ ਅਤੇ ਭਾਰਤ ਵਲੋਂ ਇਕਜੁੱਟਤਾ ਦਾ ਸੁਨੇਹਾ ਦਿੱਤਾ। ਪ੍ਰਦਰਸ਼ਨ ’ਚ ‘ਭਾਰਤ ਮਾਤਾ ਦੀ ਜੈ’ ਅਤੇ ‘ਜੈ ਹਿੰਦ’ ਦੇ ਨਾਅਰੇ ਗੂੰਜੇ। ਪ੍ਰਦਰਸ਼ਨ ਕਰ ਰਹੇ ਲੋਕ ਭਾਰਤੀ ਫਿਲਮ ਸਲੱਮਡਾਗ ਮਿਲੇਨੀਅਰ ਦੇ ਆਸਕਰ ਐਵਾਰਡ ਜੇਤੂ ਗੀਤ ‘ਜੈ ਹੋ’ ਉੱਤੇ ਝੂਮੇ। ਭਾਰਤੀ ਸਮਰਥਕਾਂ ਨੇ ਖਾਲਿਸਤਾਨ ਦਾ ਖੁੱਲ੍ਹ ਕੇ ਵਿਰੋਧ ਕੀਤਾ। ਪ੍ਰਦਰਸ਼ਨ ’ਚ ਸ਼ਾਮਿਲ ਲੋਕਾਂ ਨਾਲ ਉੱਥੇ ਸੁਰੱਖਿਆ ’ਚ ਤਾਇਨਾਤ ਬ੍ਰਿਟਿਸ਼ ਪੁਲਸ ਕਰਮਚਾਰੀਆਂ ਨੇ ਵੀ ਭਾਰਤ ਦਾ ਸਮਰਥਨ ਕੀਤਾ।

‘ਫਰੈਂਡਜ਼ ਆਫ ਇੰਡੀਆ ਸੋਸਾਇਟੀ ਇੰਟਰਨੈਸ਼ਨਲ’ ਦੇ ਇਕ ਮੈਂਬਰ ਨੇ ਕਿਹਾ ਕਿ ਅਸੀਂ ਭਾਰਤ ਦਾ ਸਮਰਥਨ ਕਰਨ ਲਈ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋਏ ਹਾਂ। ਦੋ ਦਿਨ ਪਹਿਲਾਂ ਇੱਥੋਂ ਭਾਰਤੀ ਝੰਡਾ ਹਟਾ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਅਸੀਂ ਬ੍ਰਿਟਿਸ਼ ਸੰਸਦਾਂ ਮੈਂਬਰਾਂ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ। ਹਾਈ ਕਮਿਸ਼ਨ ਦੇ ਸਾਹਮਣੇ ਇਕੱਠੇ ਹੋਏ ਲੋਕਾਂ ਨੇ ਲੰਡਨ ਦੇ ਮੇਅਰ ਸਾਦਿਕ ਖਾਨ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਤੁਹਾਡੇ ਬਿਆਨ ਦੀ ਲੋੜ ਨਹੀਂ ਹੈ, ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। 

ਖਾਲਿਸਤਾਨੀਆਂ ਦੀ ਹਰਕਤ ਦਾ ਵਿਰੋਧ ਕਰਨ ਲਈ ਜੁਟੇ ਲੋਕਾਂ ’ਚੋਂ ਇਕ ਨੇ ਕਿਹਾ ਕਿ ਕੁਝ ਲੋਕ ਭਾਰਤ ਅਤੇ ਇੱਥੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤਰ੍ਹਾਂ ਦੇ ਲੋਕਾਂ ਨੂੰ ਮੂੰਹਤੋੜ ਜਵਾਬ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਖਾਲਿਸਤਾਨੀਆਂ ਤੋਂ ਹਾਰ ਨਹੀਂ ਮੰਨਾਂਗੇ। ਜ਼ਿਕਰਯੋਗ ਹੈ ਕਿ ਭਾਰਤ ’ਚ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ’ਤੇ ਐਕਸ਼ਨ ਦੇ ਵਿਰੋਧ ’ਚ ਖਾਲਿਸਤਾਨੀ ਤੱਤਾਂ ਨੇ ਭਾਰਤੀ ਹਾਈ ਕਮਿਸ਼ਨ ’ਚ ਦਾਖ਼ਲ ਹੋ ਕੇ ਭਾਰਤੀ ਤਿਰੰਗਾ ਉਤਾਰ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤ ਨੇ ਐਤਵਾਰ ਰਾਤ ਦਿੱਲੀ ’ਚ ਸਭ ਤੋਂ ਉੱਤਮ ਬ੍ਰਿਟਿਸ਼ ਡਿਪਲੋਮੈਟ ਨੂੰ ਤਲਬ ਕਰ ਕੇ ਸਖ਼ਤ ਸੁਨੇਹਾ ਦਿੱਤਾ ਸੀ।

ਐਤਵਾਰ ਨੂੰ ਜਦੋਂ ਖਾਲਿਸਤਾਨੀਆਂ ਨੇ ਹਾਈ ਕਮਿਸ਼ਨ ’ਤੇ ਤੋੜ-ਭੰਨ ਕਰ ਕੇ ਤਿਰੰਗਾ ਉਤਾਰਿਆ ਸੀ, ਤਦ ਪੁਲਸ ਮੌਜੂਦ ਨਹੀਂ ਸੀ। ਮੰਗਲਵਾਰ ਨੂੰ ਮੈਟਰੋ ਪੁਲਸ ਦੀ ਟੀਮ ਪ੍ਰਦਰਸ਼ਨ ਸਥਾਨ ’ਤੇ ਮੌਜੂਦ ਸੀ। ਪ੍ਰਦਰਸ਼ਨ ’ਚ ਉਸ ਸਮੇਂ ਮਾਹੌਲ ਖੁਸ਼ਨੁਮਾ ਹੋ ਗਿਆ, ਜਦੋਂ ਭਾਰਤੀ ਗੀਤ ਦੀ ਧੁਨ ’ਤੇ ਇਕ ਬ੍ਰਿਟਿਸ਼ ਪੁਲਸ ਅਧਿਕਾਰੀ ਇਕ ਭਾਰਤੀ ਕੁੜੀ ਨਾਲ ਡਾਂਸ ਕਰਨ ਲੱਗਾ। ਅਧਿਕਾਰੀ ਨੇ ਕੁੜੀ ਦੇ ਡਾਂਸ ਮੂਵ ਦੀ ਨਕਲ ਕਰ ਕੇ ਸਭ ਦਾ ਮਨ ਮੋਹ ਲਿਆ।

Add a Comment

Your email address will not be published. Required fields are marked *