ਨਿਊਜ਼ੀਲੈਂਡ ‘ਚ ਆਮ ਚੋਣਾਂ ਲਈ ਨਵਤੇਜ ਰੰਧਾਵਾ ਨੇ ਖਿੱਚੀ ਤਿਆਰੀ

ਆਕਲੈਂਡ – ਨਿਊਜ਼ੀਲੈਂਡ ਵਿੱਚ ਆਮ ਚੋਣਾਂ ਇਸ ਸਾਲ 14 ਅਕਤੂਬਰ ਨੂੰ ਹੋਣੀਆਂ ਹਨ। ਚੋਣਾਂ ਦੇ ਮੱਦੇਨਜ਼ਰ ਜਿੱਥੇ ਵੱਖ-ਵੱਖ ਪਾਰਟੀਆਂ ਆਪਣੀਆਂ ਚੋਣ ਪਾਲਿਸੀਆਂ ਦੇ ਰਾਹੀਂ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਉੱਥੇ ਹੀ ਪਾਰਟੀਆਂ ਦੇ ਵੱਖ-ਵੱਖ ਉਮੀਦਵਾਰ ਆਪਣੇ-ਆਪਣੇ ਹਲਕੇ ‘ਚ ਆਪਣੇ ਅਤੇ ਆਪਣੀ ਪਾਰਟੀ ਦੇ ਚੋਣ ਪ੍ਰਚਾਰ ‘ਚ ਜੁਟੇ ਹੋਏ ਹਨ। ਨਿਊਜ਼ੀਲੈਂਡ ਦੀ ਪ੍ਰਮੁੱਖ ਨੈਸ਼ਨਲ ਪਾਰਟੀ ਨੇ ਪੰਜਾਬੀਆਂ ਦੀ ਬਹੁਤਾਤ ਵਾਲੇ ਖੇਤਰ ਪੈਨਮਿਉਰ-ਉਟਾਹੂਹੂ ਹਲਕੇ ‘ਚ ਇਸ ਵਾਰ ਹਰ ਵਰਗ ਦੇ ਹਰਮਨ ਪਿਆਰੇ ਅਤੇ ਨਿਊਜ਼ੀਲੈਂਡ ਵਿੱਚ ਪੰਜਾਬੀਆਂ ਦੀ ਚੌਥੀ ਪੀੜੀ ਵਿੱਚੋਂ “ਨਵਤੇਜ ਰੰਧਾਵਾ” ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਨਵਤੇਜ ਨੇ ਨੈਸ਼ਨਲ ਪਾਰਟੀ ਦੇ ਦਿੱਗਜ ਲੀਡਰਾਂ, ਪਰਿਵਾਰ, ਦੋਸਤਾਂ, ਸ਼ੁਭਚਿੰਤਕਾਂ ਅਤੇ ਵਲੰਟੀਅਰਜ਼ ਦੇ ਭਰੇ ਇਕੱਠ ਵਿੱਚ ਆਪਣੀ ਚੋਣ ਮੁਹਿੰਮ ਦਾ ਜੋਰਦਾਰ ਆਗਾਜ਼ ਕੀਤਾ। 

ਮਾਉਰੀ ਅਤੇ ਗੁਰਮੁੱਖੀ ਦੋਵਾਂ ਭਾਸ਼ਾਵਾਂ ਵਿੱਚ ਅਰਦਾਸ ਉਪਰੰਤ ਨਵਤੇਜ ਰੰਧਾਵਾ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ, ਜਿੱਥੇ ਨੈਸ਼ਨਲ ਪਾਰਟੀ ਦੀ ਲੀਡਰਸ਼ਿਪ ਦਾ ਉਨ੍ਹਾਂ ‘ਤੇ ਭਰੋਸਾ ਕਰਨ ਲਈ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਦੀ ਹਮਾਇਤ ਲਈ ਪਹੁੰਚੇ ਸਭ ਲੋਕਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੇ ਭਾਈਚਾਰੇ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਗੇ ਅਤੇ ਅਪੀਲ ਕੀਤੀ ਪੰਜਾਬੀ ਅਤੇ ਭਾਰਤੀ ਲੋਕ ਖੁੱਲ ਕੇ ਵੋਟ ਕਰਨ ਤਾਂ ਜੋ ਪੰਜਾਬੀਆਂ ਅਤੇ ਭਾਰਤੀਆਂ ਦੀ ਹਾਜ਼ਰੀ ਸਰਕਾਰਾਂ ਤੱਕ ਵੋਟਾਂ ਦੇ ਰੂਪ ਵਿੱਚ ਵੀ ਦਰਜ ਕਰਵਾਈ ਜਾ ਸਕੇ। ਨਵਤੇਜ ਰੰਧਾਵਾ ਨੇ ਆਪਣੇ ਭਾਸ਼ਣ ਵਿੱਚ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜੇਕਰ ਨਿਊਜ਼ੀਲੈਂਡ ਦੇ ਲੋਕ ਦੇਸ਼ ਨੂੰ ਦੁਬਾਰਾ ਪਟੜੀ ‘ਤੇ ਲਿਆਉਣਾ ਚਾਹੁੰਦੇ ਹਨ ਤਾਂ ਉਸ ਲਈ ਇੱਕੋ-ਇੱਕ ਰਾਹ ਹੈ ਨੈਸ਼ਨਲ ਪਾਰਟੀ ਨੂੰ ਦੁਬਾਰਾ ਸੱਤਾ ‘ਤੇ ਕਾਬਜ਼ ਕਰਨਾ। ਸਮਾਗਮ ਦੌਰਾਨ ਜਿੱਥੇ ਢੋਲ ਅਤੇ ਬੁੱਗਚੂ ਦੀਆਂ ਧੁੰਨਾਂ ਨੇ ਲੋਕਾਂ ਦਾ ਧਿਆਨ ਖਿੱਚਿਆ, ਉੱਥੇ ਹੀ ਰੂਹ ਪੰਜਾਬ ਦੀ ਅਕੈਡਮੀ ਦੇ ਗੱਭਰੂਆਂ ਵੱਲੋਂ ਸ਼ਾਨਦਾਰ ਭੰਗੜਾ ਪੇਸ਼ ਕੀਤਾ ਗਿਆ। 

Add a Comment

Your email address will not be published. Required fields are marked *