13 ਸਾਲ ਦੇ ਬਾਈਕ ਰੇਸਰ ਸ਼੍ਰੇਅਸ ਹਰੀਸ਼ ਦਾ  ਹੋਇਆ ਦਿਹਾਂਤ

ਬੈਂਗਲੁਰੂ – ਬੈਂਗਲੁਰੂ ਦੇ 13 ਸਾਲਾ ਬਾਈਕ ਰਾਈਡਰ ਸ਼੍ਰੇਅਸ ਹਰੀਸ਼ ਦੀ ਮੌਤ ਹੋ ਗਈ ਹੈ। ਸ਼੍ਰੇਅਸ ਹਰੀਸ਼ ਮਦਰਾਸ ਇੰਟਰਨੈਸ਼ਨਲ ਸਰਕਟ ‘ਤੇ ਇੰਡੀਅਨ ਨੈਸ਼ਨਲ ਮੋਟਰਸਾਈਕਲ ਰੇਸਿੰਗ ਚੈਂਪੀਅਨਸ਼ਿਪ (INMRC) ਦੇ ਰਾਊਂਡ 3 ‘ਚ ਰੇਸ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਰੇਸਿੰਗ ਟ੍ਰੈਕ ਨੇੜੇ ਐਂਬੂਲੈਂਸ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਹਰੀਸ਼ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਤੋਂ ਬਾਅਦ, ਈਵੈਂਟ ਦੇ ਪ੍ਰਮੋਟਰ, ਮਦਰਾਸ ਮੋਟਰ ਸਪੋਰਟਸ ਕਲੱਬ ਨੇ ਰੇਸਿੰਗ ਈਵੈਂਟ ਨੂੰ ਸ਼ਨੀਵਾਰ ਅਤੇ ਐਤਵਾਰ ਲਈ ਰੱਦ ਕਰ ਦਿੱਤਾ।

ਰੇਸ ਦੀ ਸ਼ੁਰੂਆਤ ‘ਚ ਜਦੋਂ ਸਾਰੇ ਰੇਸਰ ਪਹਿਲੇ ਮੋੜ ਨੂੰ ਪਾਰ ਕਰ ਰਹੇ ਸਨ ਤਾਂ ਇਕ ਹਾਦਸਾ ਹੋ ਗਿਆ ਜਿਸ ‘ਚ ਸ਼੍ਰੇਅਸ ਆਪਣੀ ਬਾਈਕ ਤੋਂ ਡਿੱਗ ਗਿਆ। ਹਾਦਸੇ ਦੇ ਨਤੀਜੇ ਵਜੋਂ 13 ਸਾਲਾ ਰੇਸਰ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ, ਜੋ ਆਖਿਰਕਾਰ ਘਾਤਕ ਸਾਬਤ ਹੋਈ। ਹਾਦਸੇ ਤੋਂ ਤੁਰੰਤ ਬਾਅਦ ਸਟੈਂਡਰਡ ਪ੍ਰੋਟੋਕੋਲ ਤਹਿਤ ਲਾਲ ਝੰਡਾ ਦਿਖਾ ਕੇ ਦੌੜ ਨੂੰ ਰੋਕ ਦਿੱਤਾ ਗਿਆ ਅਤੇ ਦੌੜ ਉੱਥੇ ਹੀ ਸਮਾਪਤ ਹੋ ਗਈ।

ਦੱਸ ਦੇਈਏ ਕਿ ਸ਼੍ਰੇਅਸ ਦਾ ਜਨਮ 2010 ਵਿੱਚ ਹੋਇਆ ਸੀ ਅਤੇ ਉਹ ਪਿਛਲੇ ਚਾਰ ਸਾਲਾਂ ਤੋਂ ਰੇਸ ਕਰ ਰਹੇ ਸਨ। 10 ਦਿਨ ਪਹਿਲਾਂ 26 ਜੁਲਾਈ ਨੂੰ ਬਾਈਕ ਰੇਸਰ ਨੇ ਆਪਣਾ 13ਵਾਂ ਜਨਮਦਿਨ ਮਨਾਇਆ ਸੀ। ਸ਼੍ਰੇਅਸ ਨੇ ਰਾਸ਼ਟਰੀ ਪੱਧਰ ‘ਤੇ ਕੁਝ ਰੇਸ ਜਿੱਤੀਆਂ ਸਨ। ਇਸ ਸਾਲ ਭਾਰਤੀ ਮੋਟਰਸਪੋਰਟ ਵਿੱਚ ਇਹ ਦੂਜੀ ਮੌਤ ਹੈ। ਜਨਵਰੀ ਵਿੱਚ, ਮਦਰਾਸ ਇੰਟਰਨੈਸ਼ਨਲ ਸਰਕਟ ਵਿਖੇ MRF MMSC FMSCI ਇੰਡੀਅਨ ਨੈਸ਼ਨਲ ਕਾਰ ਰੇਸਿੰਗ ਚੈਂਪੀਅਨਸ਼ਿਪ 2022 ਦੇ ਦੂਜੇ ਗੇੜ ਵਿੱਚ ਇੱਕ ਕਰੈਸ਼ ਦੇ ਬਾਅਦ ਇੱਕ ਮਸ਼ਹੂਰ ਅਤੇ ਸਨਮਾਨਿਤ ਰੇਸਰ 59 ਸਾਲਾ ਕੇਈ ਕੁਮਾਰ ਦੀ ਹਸਪਤਾਲ ਵਿੱਚ ਮੌਤ ਹੋ ਗਈ।

Add a Comment

Your email address will not be published. Required fields are marked *