ਰਾਹੁਲ ਦਾ ਦੋ-ਰੋਜ਼ਾ ਮਨੀਪੁਰ ਦੌਰਾ ਅੱਜ ਤੋਂ
June 29, 2023
ਇੰਫਾਲ:ਕਾਂਗਰਸ ਆਗੂ ਰਾਹੁਲ ਗਾਂਧੀ ਭਲਕੇ ਤੋਂ ਆਪਣੇ ਮਨੀਪੁਰ ਦੇ ਦੋ ਦਿਨੀਂ ਦੌਰੇ ਦੌਰਾਨ ਰਾਹਤ ਕੈਂਪਾਂ ’ਚ ਪੀੜਤਾਂ ਨਾਲ ਮੁਲਾਕਾਤ ਕਰਨਗੇ। ਉਹ ਵੱਖ ਵੱਖ ਜਥੇਬੰਦੀਆਂ ਨਾਲ ਸੂਬੇ ਦੇ ਵਿਗੜੇ ਹਾਲਾਤ ਬਾਰੇ ਗੱਲਬਾਤ ਵੀ ਕਰਨਗੇ। ਉੱਤਰ-ਪੂਰਬੀ ਸੂਬੇ ’ਚ 3 ਮਈ ਨੂੰ ਹਿੰਸਾ ਭੜਕਣ ਮਗਰੋਂ ਕਾਂਗਰਸ ਆਗੂ ਦਾ ਇਹ ਪਹਿਲਾ ਦੌਰਾ ਹੋਵੇਗਾ। ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਕਿਹਾ,‘‘ਇੰਫਾਲ ਪਹੁੰਚਣ ਮਗਰੋਂ ਰਾਹੁਲ ਗਾਂਧੀ ਚੂਰਾਚਾਂਦਪੁਰ ਜ਼ਿਲ੍ਹੇ ’ਚ ਜਾਣਗੇ ਜਿਥੇ ਉਹ ਰਾਹਤ ਕੈਂਪਾਂ ਦਾ ਦੌਰਾ ਕਰਨਗੇ। ਫਿਰ ਉਹ ਬਿਸ਼ਨੂਪੁਰ ਜ਼ਿਲ੍ਹੇ ਦੇ ਮੋਇਰਾਂਗ ’ਚ ਘਰੋਂ ਦਰ-ਬਦਰ ਕੀਤੇ ਗਏ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਗੇ। ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਇੰਫਾਲ ’ਚ ਰਾਹਤ ਕੈਂਪਾਂ ਦਾ ਦੌਰਾ ਕਰਨਗੇ ਅਤੇ ਬਾਅਦ ’ਚ ਉਹ ਖਾਸ ਜਥੇਬੰਦੀਆਂ ਨਾਲ ਗੱਲਬਾਤ ਕਰਨਗੇ।’’ ਮਨੀਪੁਰ ’ਚ ਹਿੰਸਾ ਸ਼ੁਰੂ ਹੋਣ ਮਗਰੋਂ ਕਰੀਬ 50 ਹਜ਼ਾਰ ਲੋਕ 300 ਤੋਂ ਜ਼ਿਆਦਾ ਕੈਂਪਾਂ ’ਚ ਠਹਿਰੇ ਹੋਏ ਹਨ।

