ਨਿਊਜ਼ੀਲੈਂਡ ਦੇ PM ਕ੍ਰਿਸ ਹਿਪਕਿਨਸ ਟਾਕਾਨੀਨੀ ਗੁਰੂ ਘਰ ਵਿਖੇ ਹੋਏ ਨਤਮਸਤਕ

ਆਕਲੈਂਡ – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਲੀਡਰ ਕ੍ਰਿਸ ਹਿਪਕਿਨਸ ਅੱਜ ਟਾਕਾਨੀਨੀ ਗੁਰੂ ਘਰ ਵਿਖੇ ਆਪਣੀ ਪਾਰਟੀ ਦੇ ਕਈ ਮੰਤਰੀਆਂ, ਪਾਰਲੀਮੈਂਟ ਮੈਂਬਰਾਂ ਅਤੇ ਅਗਾਮੀ ਚੌਣਾਂ ‘ਚ ਪਾਰਟੀ ਵੱਲੋਂ ਉਤਾਰੇ ਗਏ ਲੀਡਰਾਂ ਸਮੇਤ ਨਤਮਸਤਕ ਹੋਏ। ਇੱਥੇ ਉਹਨਾਂ ਨੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਵੀ ਕੀਤਾ। 

ਪ੍ਰਧਾਨ ਮੰਤਰੀ ਨੇ ਜਿੱਥੇ ਆਪਣੇ ਭਾਸ਼ਨ ਵਿੱਚ ਟਾਕਾਨੀਨੀ ਗੁਰੂ ਘਰ ਦਾ ਵੱਖ-ਵੱਖ ਸਮਿਆਂ ਵਿੱਚ ਕੀਤੀ ਸਮਾਜ ਅਤੇ ਸੰਗਤ ਦੀ ਸੇਵਾ, ਕੋਵਿਡ ਦੌਰਾਨ ਚਲਾਈ ਗਈ ਫੂਡ ਡਰਾਇਵ ਅਤੇ ਕਮਿਊਨਿਟੀ ਦੀ ਬਿਹਤਰੀ ਲਈ ਕੀਤੇ ਕਾਰਜਾ ਦੀ ਸ਼ਲਾਘਾ ਕੀਤੀ, ਉੱਥੇ ਦੇਸ਼ ਵਿੱਚ ਸਿੱਖਾਂ ਅਤੇ ਪੰਜਾਬੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ, ਪੰਜ ਕਕਾਰਾਂ ਦੀ ਪਛਾਣ ਅਤੇ ਪਹਿਨਣ ਦੀ ਮਨਜੂਰੀ ਸੰਬੰਧੀ ਮੁਸ਼ਕਲਾਂ, ਵਧੀਆਂ ਹੋਈਆਂ ਅਪਰਾਧਿਕ ਗਤੀਵਿਧਿਆਂ, ਪੁਲਸ ਕਰਮੀਆਂ ਦੀ ਭਰਤੀ ਅਤੇ ਮੁਸਤੈਦੀ ਸੰਬੰਧੀ ਸਭ ਦਿੱਕਤਾਂ ਦੇ ਹੱਲ ਦਾ ਵੀ ਭਰੋਸਾ ਦਿਵਾਇਆ। 

ਪੀ.ਐੱਮ. ਦੇ ਭਾਸ਼ਣ ਤੋ ਪਹਿਲਾਂ ਪਾਰਟੀ ਦੇ ਬੋਟਨੀ ਹਲਕੇ ਤੋਂ ਉਮੀਦਵਾਰ ਖੜਗ ਸਿੰਘ ਨੇ ਆਪਣੇ ਭਾਸ਼ਣ ਵਿਚ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਅਗਾਮੀ ਚੋਣਾਂ ਵਿੱਚ ਲੇਬਰ ਪਾਰਟੀ ਅਤੇ ਉਹਨਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਪਾਰਲੀਮੈਂਟ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੀ ਅਵਾਜ਼ ਬਣ ਸਕਣ। ਇਸ ਦੌਰਾਨ ਟਾਕਾਨੀਨੀ ਹਲਕੇ ਤੋ ਮੈਂਬਰ ਪਾਰਲੀਮੈਂਟ ਡਾ. ਲਿਵਾਸਾ ਨੇ ਵੀ ਸੰਬੋਧਨ ਕੀਤਾ ਅਤੇ ਗੁਰੂਘਰ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਸੁਪਰੀਮ ਸਿੱਖ ਸੁਸਾਇਟੀ ਅਤੇ ਗੁਰੂਘਰ ਵੱਲੋਂ ਮੰਚ ਸੰਚਾਲਕ ਦੀ ਭੂਮਿਕਾ ਦਲਜੀਤ ਸਿੰਘ ਵੱਲੋਂ ਨਿਭਾਈ ਗਈ ਅਤੇ ਉਹਨਾਂ ਪ੍ਰਧਾਨ ਮੰਤਰੀ ਨੂੰ ਸਮੂਹ ਸੰਗਤ ਵੱਲੋਂ ਜੀ ਆਇਆ ਆਖਿਆ ਤੇ ਸੰਗਤਾਂ ਦੀਆਂ ਮੁਸ਼ਕਲਾਂ ਸੁਨਣ ਅਤੇ ਉਹਨਾਂ ਦੇ ਹੱਲ ਲਈ ਭਰੋਸਾ ਦਿਵਾਉਣ ਤੇ ਪੀ.ਐੱਮ. ਦਾ ਧੰਨਵਾਦ ਵੀ ਕੀਤਾ। ਗੁਰੂਘਰ ਦੀ ਕਮੇਟੀ ਦੀ ਤਰਫੋਂ ਆਏ ਹੋਏ ਸਭ ਲੀਡਰਾਂ ਦਾ ਮੂਮੇਂਟੋ ਅਤੇ ਸ਼ਾਲਾ ਆਦਿ ਨਾਲ ਸਨਮਾਨ ਕੀਤਾ ਗਿਆ। 

Add a Comment

Your email address will not be published. Required fields are marked *