ਰੇਲਵੇ ਸਟੇਸ਼ਨ ’ਤੇ ਟਿਕਟ ਲੈਣ ਲਈ ਲਾਈਨ ’ਚ ਲੱਗੇ ਬਜ਼ੁਰਗ ਨਾਲ ਹੱਥੋਪਾਈ

ਲੁਧਿਆਣਾ-ਵੀਰਵਾਰ ਤੜਕੇ ਰੇਲਵੇ ਸਟੇਸ਼ਨ ’ਤੇ ਟਿਕਟ ਕਾਊਂਟਰ ’ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬਜ਼ੁਰਗਾਂ ਲਈ ਬਣੀ ਟਿਕਟ ਖਿੜਕੀ ’ਤੇ ਇਕ ਬਜ਼ੁਰਗ ਵਿਅਕਤੀ ਨੇ ਮਹਿਲਾ ਕਲਰਕ ਤੋਂ ਟਿਕਟਾਂ ਮੰਗੀਆਂ। ਡਿਊਟੀ ’ਤੇ ਮੌਜੂਦ ਮਹਿਲਾ ਕਲਰਕ ਨੇ ਸੀਨੀਅਰ ਸਿਟੀਜ਼ਨ ਨੂੰ ਦੂਜੀ ਲਾਈਨ ’ਚ ਸ਼ਾਮਲ ਹੋਣ ਲਈ ਕਹਿ ਕੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ।

ਇਸ ਗੱਲ ਨੂੰ ਲੈ ਕੇ ਦੋਵਾਂ ’ਚ ਬਹਿਸ ਹੋ ਗਈ। ਬਜ਼ੁਰਗ ਦਾ ਇਲਜ਼ਾਮ ਸੀ ਕਿ ਮਹਿਲਾ ਕਲਰਕ ਨੇ ਕਾਊਂਟਰ ’ਚੋਂ ਬਾਹਰ ਆ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਬੁਰਾ-ਭਲਾ ਕਿਹਾ ਤੇ 3 ਨੋਟ 200-200 ਰੁਪਏ ਦੇ ਪਾੜ ਦਿੱਤੇ ਤੇ ਉਲਟਾ ਉਨ੍ਹਾਂ ’ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਪਤਾ ਲੱਗਦਿਆਂ ਹੀ ਬਜ਼ੁਰਗ ਦਾ ਲੜਕਾ ਵੀ ਮੌਕੇ ’ਤੇ ਪਹੁੰਚ ਗਿਆ, ਜਿਸ ਕਾਰਨ ਦੋਵਾਂ ਧਿਰਾਂ ’ਚ ਕਾਫ਼ੀ ਤਕਰਾਰ ਹੋ ਗਿਆ ਅਤੇ ਬਜ਼ੁਰਗ ਦੇ ਲੜਕੇ ਨੇ ਮੌਕੇ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ ਅਤੇ ਇਸ ਦੀ ਸ਼ਿਕਾਇਤ ਰੇਲ ਮੰਤਰੀ ਤੇ ਹੋਰ ਅਧਿਕਾਰੀਆਂ ਨੂੰ ਟਵੀਟ ਕਰ ਕੇ ਕੀਤੀ, ਜਿਸ ’ਤੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਹਿਲਾ ਕਲਰਕ ਨੂੰ ਮੁਅੱਤਲ ਕਰ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।

ਦੋਵਾਂ ਧਿਰਾਂ ਨੇ ਥਾਣਾ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਨੂੰ ਸ਼ਿਕਾਇਤਾਂ ਵੀ ਦਿੱਤੀਆਂ। ਮੌਕੇ ’ਤੇ ਪੁੱਜੀ ਪੁਲਸ ਦੇ ਸਾਹਮਣੇ ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਦੋਸ਼ ਲਾਏ। ਮੌਕੇ ’ਤੇ ਮੌਜੂਦ ਹੋਰ ਸਵਾਰੀਆਂ ਨੇ ਵੀ ਮਹਿਲਾ ਕਲਰਕ ਖ਼ਿਲਾਫ਼ ਬਿਆਨ ਦਿੱਤੇ ਕਿ ਗ਼ਲਤੀ ਮਹਿਲਾ ਕਲਰਕ ਦੀ ਹੀ ਹੈ। ਅਮਰਪੁਰਾ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਦੌਲਾ ਰਾਮ ਆਪਣੀ ਮਾਤਾ, ਭੈਣ ਅਤੇ ਹੋਰਾਂ ਨਾਲ ਹਿਸਾਰ ’ਚ ਆਯੋਜਿਤ ਇਕ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ, ਜਿਸ ’ਤੇ ਉਹ 200-200 ਦੇ 3 ਨੋਟ ਲੈ ਕੇ ਲਾਈਨ ’ਚ ਲੱਗ ਗਿਆ ਪਰ ਟਿਕਟ ਖਿੜਕੀ ਨੰ. 2 ’ਤੇ ਸੀਨੀਅਰ ਸਿਟੀਜ਼ਨਾਂ ਲਈ ਵੱਖਰੀ ਲਾਈਨ ਹੋਣ ਕਾਰਨ ਜਦੋਂ ਉਹ ਟਿਕਟ ਲੈਣ ਲਈ ਅੱਗੇ ਵਧਿਆ ਤਾਂ ਮਹਿਲਾ ਕਲਰਕ ਨੇ ਉਸ ਨੂੰ ਲਾਈਨ ’ਚ ਲੱਗਣ ਲਈ ਕਿਹਾ, ਜਿਸ ’ਤੇ ਉਸ ਨੇ ਸੀਨੀਅਰ ਸਿਟੀਜ਼ਨ ਲਾਈਨ ਬਾਰੇ ਦੱਸਿਆ ਤਾਂ ਮਹਿਲਾ ਕਲਰਕ ਨੇ ਇਸ ਗੱਲ ਨੂੰ ਲੈ ਕੇ ਬਹਿਸ ਕਰਦੇ ਹੋਏ ਚੰਗਾ-ਮਾੜਾ ਕਹਿਣਾ ਸ਼ੁਰੂ ਕਰ ਦਿੱਤਾ।

ਗੁੱਸੇ ’ਚ ਆਈ ਕਲਰਕ ਨੇ ਖਿੜਕੀ ਵੀ ਬੰਦ ਕਰ ਦਿੱਤੀ, ਜਿਸ ’ਤੇ ਹੋਰ ਲੋਕਾਂ ਨੇ ਵੀ ਉਸ ਨੂੰ ਖਿੜਕੀ ਖੋਲ੍ਹਣ ਲਈ ਕਿਹਾ। ਇਸ ਮਾਮਲੇ ਨੂੰ ਲੈ ਕੇ ਮਹਿਲਾ ਨੇ ਆਪਣੇ ਦਫ਼ਤਰ ਤੋਂ ਬਾਹਰ ਆ ਕੇ ਪਿਤਾ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਅਤੇ ਟਿਕਟ ਖਰੀਦਣ ਲਈ ਦਿੱਤੇ ਨੋਟ ਵੀ ਪਾੜ ਦਿੱਤੇ। ਇਸ ਮਾਮਲੇ ਨੂੰ ਲੈ ਕੇ ਹੰਗਾਮਾ ਹੋਇਆ ਅਤੇ ਉਹ ਵੀ ਮੌਕੇ ’ਤੇ ਪਹੁੰਚ ਗਏ।

ਜਦੋਂ ਉਹ ਸ਼ਿਕਾਇਤ ਕਰਨ ਉਸ ਦੇ ਦਫ਼ਤਰ ਗਿਆ ਤਾਂ ਮਹਿਲਾ ਕਲਰਕ ਅਤੇ ਉਸ ਦੇ ਇਕ ਹੋਰ ਸਾਥੀ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਲਟਾ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ, ਜਦਕਿ ਮੌਕੇ ’ਤੇ ਮੌਜੂਦ ਪੁਲਸ ਪਹਿਲਾਂ ਤਾਂ ਮੂਕ ਦਰਸ਼ਕ ਬਣੀ ਰਹੀ। ਬਾਅਦ ’ਚ ਮਹਿਲਾ ਕਲਰਕ ਨੇ ਵੀ ਉਨ੍ਹਾਂ ਨੂੰ ਗ਼ਲਤ ਕਹਿਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਉਸ ਨੇ ਮੌਕੇ ਦੀ ਵੀਡੀਓ ਬਣਾ ਕੇ ਰੇਲ ਮੰਤਰੀ ਅਤੇ ਹੋਰ ਅਧਿਕਾਰੀਆਂ ਨੂੰ ਟਵੀਟ ਕਰ ਦਿੱਤੀ ਤਾਂ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਮੁਅੱਤਲ ਕਰ ਦਿੱਤਾ, ਜਦਕਿ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਨ ਲਈ ਕਿਹਾ।

ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਕਲਰਕ ਨੇ ਵੀ ਜੀ. ਆਰ. ਪੀ. ਨੂੰ ਸ਼ਿਕਾਇਤ ਦਿੱਤੀ ਹੈ ਕਿ ਉਕਤ ਵਿਅਕਤੀਆਂ ਨੇ ਉਸ ਦੇ ਦਫ਼ਤਰ ’ਚ ਆ ਕੇ ਹੰਗਾਮਾ ਕੀਤਾ ਅਤੇ ਉਸ ਦੀ ਨਕਦੀ ਖਿਲਾਰ ਦਿੱਤੀ। ਬਹਿਸ ਦੌਰਾਨ ਉਸ ਦੀ ਡਿਊਟੀ ’ਚ ਵਿਘਨ ਪਾਇਆ ਅਤੇ ਉਸ ਨੂੰ ਬੁਰਾ-ਭਲਾ ਕਿਹਾ, ਜਦੋਂਕਿ ਉਹ ਲੰਬੀ ਡਿਊਟੀ ਕਰ ਰਹੀ ਸੀ ਅਤੇ ਉਸ ਦੀ ਡਿਊਟੀ ਖਤਮ ਹੋਣ ਵਾਲੀ ਸੀ।

ਅਸ਼ਵਨੀ ਅਤੇ ਮਹਿਲਾ ਕਲਰਕ ਮਨਜਿੰਦਰ ਵੱਲੋਂ ਸ਼ਿਕਾਇਤ ਮਿਲੀ ਹੈ, ਜਿਸ ਨੂੰ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਸ਼ਿਕਾਇਤਕਰਤਾ ਅਸ਼ਵਨੀ ਹਿਸਾਰ ਸਮਾਰੋਹ ’ਚ ਗਏ ਹੋਏ ਹਨ ਅਤੇ ਵਾਪਸ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਰੇਲਵੇ ਵਿਭਾਗ ਵੱਲੋਂ ਮਹਿਲਾ ਕਲਰਕ ਖਿਲਾਫ਼ ਐਕਸ਼ਨ ਲਿਆ ਗਿਆ ਹੈ। ਮਹਿਲਾ ਕਲਰਕ ਨੂੰ ਬੁਲਾ ਕੇ ਉਸ ਦੇ ਵੀ ਬਿਆਨ ਦਰਜ ਕੀਤੇ ਜਾਣਗੇ।

Add a Comment

Your email address will not be published. Required fields are marked *