PUBG ਖੇਡਣ ਤੋਂ ਰੋਕਣ ‘ਤੇ ਮਾਪਿਆਂ ਦਾ ਕੀਤਾ ਕਤਲ

ਝਾਂਸੀ ‘ਚ PUBG ਦੇ ਆਦੀ ਦੇ 26 ਸਾਲ ਦੇ ਬੇਟੇ ਨੇ ਆਪਣੇ ਮਾਤਾ-ਪਿਤਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਨਹਾ ਕੇ ਕਪੜੇ ਬਦਲੇ ਤੇ ਆਪਣੇ ਕਮਰੇ ਵਿਚ ਜਾ ਕੇ ਆਰਾਮ ਨਾਲ ਬੈਠ ਗਿਆ। ਕਤਲ ਦੀ ਸੂਚਨਾ ‘ਤੇ ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਦੋਸ਼ੀ ਲੜਕਾ ਮੰਜੇ ‘ਤੇ ਬੈਠਾ ਮਿਲਿਆ। ਉਹ ਪੁਲਸ ਨੂੰ ਦੇਖ ਕੇ ਹੱਸਣ ਲੱਗ ਪਿਆ ਤੇ ਕਿਹਾ, “ਹਾਂ, ਮੈਂ ਮਾਰਿਆ ਹੈ।” 

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨੀਲਮ ਨੇ ਦੱਸਿਆ ਕਿ ਉਸ ਦਾ ਭਰਾ ਅੰਕਿਤ PUBG ਖੇਡਣ ਦਾ ਆਦੀ ਸੀ। ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਪਿਤਾ ਜੀ ਉਸ ਨੂੰ ਖੇਡਣ ਨਹੀਂ ਦਿੰਦੇ ਸਨ ਜਿਸ ਗੱਲ ਨੂੰ ਲੈ ਕੇ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਝਗੜੇ ਵਿਚ ਉਸ ਨੇ ਕਤਲ ਨੂੰ ਅੰਜਾਮ ਦਿੱਤਾ ਹੈ।

ਮ੍ਰਿਤਕ ਲਕਸ਼ਮੀ ਪ੍ਰਸਾਦ (58) ਅਤੇ ਵਿਮਲਾ (55) ਦੇ 3 ਧੀਆਂ ਅਤੇ ਇਕ ਪੁੱਤਰ ਸੀ। ਲਕਸ਼ਮੀ ਪ੍ਰਸਾਦ ਸਰਕਾਰੀ ਸਕੂਲ ਵਿਚ ਪ੍ਰਿੰਸੀਪਲ ਸੀ। ਦੋ ਧੀਆਂ ਨੀਲਮ ਅਤੇ ਸੁੰਦਰੀ ਦਾ ਵਿਆਹ ਹੋ ਚੁੱਕਿਆ ਸੀ। ਛੋਟੀ ਧੀ ਸ਼ਿਵਾਨੀ ਉਰਈ ਵਿਚ ਰਹਿ ਕੇ ਪੜ੍ਹਾਈ ਕਰ ਰਹੀ ਹੈ। ਨੀਵਮ ਨੇ ਦੱਸਿਆ ਕਿ ਉਸ ਦਾ ਭਰਾ ਅੰਕਿਤ ਆਪਣੇ ਮਾਪਿਆਂ ਨਾਲ ਹੀ ਰਹਿੰਦਾ ਸੀ ਤੇ ਬਹੁਤਾ ਸਮਾਂ ਆਪਣੇ ਮੋਬਾਈਲ ‘ਤੇ ਹੀ ਗੇਮ ਖੇਡਦਾ ਰਹਿੰਦਾ ਸੀ। ਉਸ ਦੇ ਪਿਤਾ ਉਸ ਨੂੰ ਗੇਮ ਖੇਡਣ ਤੋਂ ਵਰਜਦੇ ਸਨ ਜਿਸ ਕਾਰਨ ਅਕਸਰ ਉਨ੍ਹਾਂ ਦੀ ਲੜਾਈ ਹੁੰਦੀ ਰਹਿੰਦੀ ਸੀ। 

ਨੀਲਮ ਨੇ ਦੱਸਿਆ ਕਿ ਕੋਰੋਨਾ ਦੇ ਸਮੇਂ ਅੰਕਿਤ ਦੀ ਨੌਕਰੀ ਚਲੀ ਗਈ ਸੀ। ਉਹ ਰੇਲਵੇ ਹਸਪਤਾਲ ਵਿਚ ਕੰਪਾਊਂਡਰ ਸੀ। ਲਾਕਡਾਊਨ ਦੌਰਾਨ ਉਹ ਘਰ ਹੀ ਰਿਹਾ ਤੇ ਇਸ ਦੌਰਾਨ ਉਹ ਕਈ ਘੰਟੇ ਮੋਬਾਈਲ ਅਤੇ ਲੈਪਟਾਪ ‘ਤੇ ਗੇਮ ਖੇਡਦਾ ਰਹਿੰਦਾ ਸੀ। ਤਕਰੀਬਨ ਛੇ ਮਹੀਨੇ ਤਕ ਉਹ ਕਮਰੇ ‘ਚੋਂ ਬਾਹਰ ਹੀ ਨਹੀਂ ਨਿਕਲਿਆ। ਇਸ ਦੌਰਾਨ ਉਹ ਪ੍ਰੇਸ਼ਾਨ ਰਹਿੰਦਾ ਸੀ ਤੇ ਉਸ ਦਾ ਵਿਹਾਰ ਵੀ ਬਦਲ ਗਿਆ ਸੀ। ਉਹ ਆਪਣੇ ਮਾਪਿਆਂ ਨਾਲ ਵੀ ਲੜਦਾ ਰਹਿੰਦਾ ਸੀ। ਅੰਕਿਤ ਘਰ ‘ਚ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਦਾ ਸੀ। 

ਇੰਸਪੈਕਟਰ ਸੁਧਾਕਰ ਮਿਸ਼ਰਾ ਨੇ ਦੱਸਿਆ ਕਿ ਅੰਕਿਤ ਨੂੰ ਕਤਲ ਦਾ ਕੋਈ ਪਛਤਾਵਾ ਨਹੀਂ ਸੀ। ਉਹ ਮਾਨਸਿਕ ਤੌਰ ‘ਤੇ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ। ਕਤਲ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਜ਼ਖਮੀ ਹਾਲਤ ‘ਚ ਮਾਂ ਫਰਸ਼ ‘ਤੇ ਪਈ ਰੋਂਦੀ ਰਹੀ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਰਾਤ 12 ਤੋਂ 2 ਵਜੇ ਦੇ ਦਰਮਿਆਨ ਕਤਲ ਨੂੰ ਅੰਜਾਮ ਦਿੱਤਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Add a Comment

Your email address will not be published. Required fields are marked *