ਅਮਿਤ ਸ਼ਾਹ ਨੇ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ : ਮਣੀਪੁਰ ਵਿਚ ਆਦਿਵਾਸੀਆਂ ਤੇ ਵੱਧ ਗਿਣਤੀਆਂ ਮੇਇਤੀ ਭਾਈਚਾਰੇ ਵਿਚਾਲੇ ਹਿੰਸਾ ਭੜਕਣ ਵਿਚਾਲੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਣੀਪੁਰ ਦੇ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਮਣੀਪੁਰ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਤੇ ਆਲੇ ਦੁਆਲੇ ਦੇ ਸੂਬਿਆਂ ਤੋਂ ਅਰਧ-ਸੈਨਿਕ ਬਲ ਭੇਜੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ, ਸ਼ਾਹ ਨੇ ਨਾਗਾਲੈਂਡ ਦੇ ਮੁੱਖ ਮੰਤਰੀ ਨੈਫ਼ੀਊ ਰਿਓ, ਮਿਜ਼ੋਰਮ ਦੇ ਮੁੱਖ ਮੰਤਰੀ ਜੋਰਮਥਾਂਗਾ ਤੇ ਅਸਮ ਦੇ ਮੁੱਖ ਮੰਤਰ ਹਿਮੰਤ ਵਿਸ਼ਵ ਸ਼ਰਮਾ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। 

ਮਣੀਪੁਰ ਵਿਚ ਆਦਿਵਾਸੀਆਂ ਤੇ ਵੱਧ ਗਿਣਤੀਆਂ ਮੇਇਤੀ ਭਾਈਚਾਰੇ ਵਿਚਾਲੇ ਹਿੰਸਾ ਭੜਕਣ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਵੀਰਵਾਰ ਨੂੰ ਸੂਬਾ ਸਰਕਾਰ ਨੇ ‘ਗੰਭੀਰ ਸਥਿਤੀ’ ਵਿਚ ਵੇਖਦਿਆਂ ਹੀ ਗੋਲ਼ੀ ਮਾਰਨ ਦਾ ਹੁਕਮ ਜਾਰੀ ਕੀਤਾ ਸੀ। ਉੱਥੇ ਹੀ ਸਥਿਤੀ ਨੂੰ ਕਾਬੂ ਕਰਨ ਲਈ ਫ਼ੌਜ ਦੇ ਅਸਮ ਰਾਈਫ਼ਲਸ ਦੇ 55 ‘ਕਾਲਮ’ ਤਾਇਨਾਤ ਕੀਤੇ ਗਏ ਹਨ। ਹਿੰਸਾ ਕਾਰਨ 9000 ਤੋਂ ਵੱਧ ਲੋਕ ਵਿਸਥਾਪਤ ਹੋ ਗਏ ਹਨ। 

Add a Comment

Your email address will not be published. Required fields are marked *