ਬ੍ਰਿਟੇਨ ‘ਚ ਤੇਜ਼ੀ ਨਾਲ ਫੈਲ ਰਿਹੈ ਕੋਵਿਡ ਦਾ ਨਵਾਂ ਵੈਰੀਐਂਟ

ਲੰਡਨ – ਬ੍ਰਿਟੇਨ ਵਿਚ ਪਿਛਲੇ ਮਹੀਨੇ ਸਾਹਮਣੇ ਆਇਆ ਕੋਵਿਡ ਦਾ ਇਕ ਨਵਾਂ ਵੈਰੀਐਂਟ EG.5.1 ਹੁਣ ਦੇਸ਼ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਇੰਗਲੈਂਡ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਹ ਵੈਰੀਐਂਟ ਤੇਜ਼ੀ ਨਾਲ ਫੈਲਣ ਵਾਲੇ ਓਮੀਕਰੋਨ ਤੋਂ ਪੈਦਾ ਹੋਇਆ ਹੈ। ਬ੍ਰਿਟੇਨ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ (UKHSA) ਨੇ ਕਿਹਾ ਕਿ EG.5.1 ਨੂੰ ‘Eris’ ਉਪਨਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਦੇ ਹਰ 7 ਨਵੇਂ ਮਾਮਲਿਆਂ ਵਿੱਚੋਂ ਇਕ ਮਾਮਲਾ ਇਸ ਵੈਰੀਐਂਟ ਦਾ ਸਾਹਮਣੇ ਆ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ, ਖਾਸ ਕਰਕੇ ਏਸ਼ੀਆ ਵਿੱਚ ਵੱਧ ਰਹੇ ਮਾਮਲਿਆਂ ਕਾਰਨ ਦੇਸ਼ ਵਿੱਚ ਇਸ ਦਾ ਪ੍ਰਸਾਰ ਹੋਣ ਦੇ ਬਾਅਦ 31 ਜੁਲਾਈ ਨੂੰ ਇਸ ਨੂੰ ਕੋਵਿਡ ਦੇ ਇੱਕ ਵੈਰੀਐਂਟ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ (WHO) ਨੇ 2 ਹਫ਼ਤੇ ਪਹਿਲਾਂ ਹੀ EG.5.1 ਵੈਰੀਐਂਟ ‘ਤੇ ਉਸ ਸਮੇਂ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ, ਜਦੋਂ WHO ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਾਨੋਮ ਗੈਬਰੇਅਸਸ ਨੇ ਕਿਹਾ ਸੀ ਕਿ ਲੋਕ ਵੈਕਸੀਨ ਨਾਲ ਬਿਹਤਰ ਸੁਰੱਖਿਅਤ ਹਨ, ਪਰ ਦੇਸ਼ਾਂ ਨੂੰ ਆਪਣੀ ਚੌਕਸੀ ਵਿਚ ਕਮੀ ਨਹੀਂ ਆਉਣ ਦੇਣੀ ਚਾਹੀਦੀ। 

ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਨਵਾਂ ਵੈਰੀਐਂਟ ਜ਼ਿਆਦਾ ਗੰਭੀਰ ਹੈ, ਕਿਉਂਕਿ UKHSA ਦੇ ਤਾਜ਼ਾ ਅੰਕੜੇ ਦਿਖਾਉਂਦੇ ਹਨ ਕਿ ਇਹ ਹੁਣ ਦੇਸ਼ ਦੇ ਸਾਰੇ ਕੋਵਿਡ ਮਾਮਲਿਆਂ ਦਾ 14.6 ਫ਼ੀਸਦੀ ਹੈ। UKHSA ਦੇ ‘ਰੇਸਪੀਰੇਟਰੀ ਡੈਟਾਮਾਰਟ ਸਿਸਟਮ’ ਰਾਹੀਂ ਦਰਜ ਕੀਤੇ ਗਏ 4,396 ਨਮੂਨਿਆਂ ਵਿੱਚੋਂ 5.4 ਫ਼ੀਸਦੀ ਨੂੰ ਕੋਵਿਡ-19 ਵਜੋਂ ਦਰਜ ਕੀਤਾ ਗਿਆ ਸੀ। UKHSA ਟੀਕਾਕਰਨ ਦੀ ਮੁਖੀ ਡਾ: ਮੈਰੀ ਰਾਮਸੇ ਨੇ ਕਿਹਾ: “ਅਸੀਂ ਦੇਖ਼ ਰਹੇ ਹਾਂ ਕਿ ਇਸ ਹਫ਼ਤੇ ਦੀ ਰਿਪੋਰਟ ਵਿਚ ਕੋਵਿਡ-19 ਮਾਮਲਿਆਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਜ਼ਿਆਦਾਤਰ ਉਮਰ ਵਰਗਾਂ ਵਿਚ, ਖਾਸ ਕਰਕੇ ਬਜ਼ੁਰਗ ਵੱਡੀ ਗਿਣਤੀ ਵਿੱਚ ਹਸਪਤਾਲਾਂ ਵਿੱਚ ਆ ਰਹੇ ਹਨ।’ ਉਨ੍ਹਾਂ ਕਿਹਾ,” ਨਿਯਮਿਤ ਤੌਰ ‘ਤੇ ਹੱਥ ਧੋਣ ਨਾਲ ਤੁਹਾਨੂੰ ਕੋਵਿਡ-19 ਅਤੇ ਹੋਰ ਵਾਇਰਸਾਂ ਤੋਂ ਬਚਣ ਵਿੱਚ ਮਦਦ ਮਿਲਦੀ ਹੈ। ਜੇਕਰ ਤੁਹਾਡੇ ਵਿਚ ਸਾਹ ਦੀ ਬਿਮਾਰੀ ਦੇ ਲੱਛਣ ਹਨ, ਤਾਂ ਅਸੀਂ ਜਿੰਨਾ ਸੰਭਵ ਹੋ ਸਕੇ ਦੂਜਿਆਂ ਤੋਂ ਦੂਰ ਰਹਿਣ ਦੀ ਸਿਫਾਰਸ਼ ਕਰਦੇ ਹਾਂ।’

Add a Comment

Your email address will not be published. Required fields are marked *