ਨਿਊਯਾਰਕ ‘ਚ ਪੁੱਜੇ 1 ਲੱਖ ਤੋਂ ਵੱਧ ਗ਼ੈਰ-ਕਾਨੂੰਨੀ ਪ੍ਰਵਾਸੀ

ਨਿਊਯਾਰਕ – ਦੁਨੀਆ ਭਰ ਤੋਂ ਪ੍ਰਵਾਸੀਆਂ ਦੀ ਆਮਦ ਕਾਰਨ ਅਮਰੀਕੀ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਨਿਊਯਾਰਕ ਦਾ ਹੈ, ਜਿੱਥੇ 1 ਲੱਖ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਪਹੁੰਚਣ ਨਾਲ ਸ਼ਹਿਰ ਵਿੱਚ ਹਫੜਾ-ਦਫੜੀ ਮਚ ਗਈ ਹੈ। ਨਿਊਯਾਰਕ ਵਿੱਚ ਬੇਘਰ ਲੋਕਾਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ। ਨਿਊਯਾਰਕ ਦੇ ਰੂਜ਼ਵੈਲਟ ਹੋਟਲ ‘ਚ ਲੱਗੇ ਰਾਹਤ ਕੈਂਪ ‘ਚ ਦਾਖਲ ਹੋਣ ਲਈ ਕਈ ਲੋਕ ਦਿਨ-ਰਾਤ ਲਾਈਨਾਂ ‘ਚ ਲੱਗੇ ਹੋਏ ਹਨ। 200 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਫੁੱਟਪਾਥ ‘ਤੇ ਸੌਂ ਰਹੇ ਹਨ। ਜ਼ਿਕਰਯੋਗ ਹੈ ਕਿ ਨਿਊਯਾਰਕ ਵਿਚ ਕਾਨੂੰਨੀ ਤੌਰੇ ‘ਤੇ ਜੇਕਰ ਕੋਈ ਵਿਅਕਤੀ ਸ਼ਰਨ ਮੰਗਦਾ ਹੈ ਤਾਂ ਉਸ ਨੂੰ ਰਾਹਤ ਕੈਂਪ ਵਿਚ ਦਾਖ਼ਲਾ ਦੇਣਾ ਜ਼ਰੂਰੀ ਹੈ।

1 ਮਹੀਨੇ ਤੋਂ ਵੱਧ ਸਮੇਂ ਦੀ ਯਾਤਰਾ ਕਰਨ ਤੋਂ ਬਾਅਦ ਇੱਥੇ ਪੁੱਜੇ ਪੱਛਮੀ ਅਫ਼ਰੀਕਾ ਦੇ 20 ਸਾਲਾ ਮੌਰੀਤਾਨੀਆ ਸਿਦੀਆ ਮੁਹੰਮਦਓ ਨੇ ਕਿਹਾ ਕਿ ਅਸੀਂ ਇੱਥੇ ਸੁਰੱਖਿਆ ਲਈ ਆਏ ਸੀ ਪਰ ਅਸਫ਼ਲ ਰਹੇ। ਵੈਨੇਜ਼ੁਏਲਾ ਦੇ ਐਰਿਕ ਮਾਰਕਾਨੋ ਪਿਛਲੇ ਹਫ਼ਤੇ ਤੋਂ ਇੱਥੇ ਇੱਕ ਰਾਹਤ ਕੈਂਪ ਵਿੱਚ ਦਾਖਲਾ ਪਾਸ ਦੀ ਉਡੀਕ ਕਰ ਰਹੇ ਹਨ ਪਰ ਕਹਿੰਦੇ ਹਨ ਕਿ ਲਾਈਨ ਬਹੁਤ ਹੌਲੀ-ਹੌਲੀ ਵੱਧ ਰਹੀ ਹੈ। ਐਰਿਕ ਪੇਸ਼ੇ ਤੋਂ ਮਜ਼ਦੂਰ ਹੈ। ਐਰਿਕ ਕੁਝ ਦਿਨ ਪਹਿਲਾਂ ਸਰਹੱਦ ਪਾਰ ਕਰਕੇ ਨਿਊਯਾਰਕ ਆਇਆ ਸੀ। ਉਨ੍ਹਾਂ ਕਿਹਾ ਕਿ ਇੰਤਜ਼ਾਰ ਕਰਨ ਤੋਂ ਬਿਨਾਂ ਕੋਈ ਹੋਰ ਰਸਤਾ ਨਹੀਂ ਹੈ।

ਉਥੇ ਹੀ ਨਿਊਯਾਰਕ ਦੇ ਮੇਅਰ ਨੇ ਕਿਹਾ ਕਿ ਹਰੇਕ ਨੂੰ ਲੋੜੀਂਦੀ ਮਦਦ ਮਿਲ ਰਹੀ ਹੈ। ਰਾਹਤ ਕੈਂਪ ਵਿੱਚ ਥਾਂ ਨਹੀਂ, ਇਸ ਲਈ ਪ੍ਰਸ਼ਾਸਨ ਨੇ ਟੈਂਟ ਲਗਾ ਦਿੱਤੇ ਹਨ। ਬਹੁਤ ਸਾਰੇ ਸਰਕਾਰੀ ਦਫ਼ਤਰਾਂ ਅਤੇ ਇਮਾਰਤਾਂ ਵਿੱਚ ਲੋਕਾਂ ਦੇ ਰਹਿਣ ਲਈ ਪ੍ਰਬੰਧ ਕੀਤੇ ਗਏ ਹਨ ਪਰ ਇਹ ਸਭ ਕਾਫ਼ੀ ਨਹੀਂ ਹੈ। ਨਿਊਯਾਰਕ ਦਾ ਕਹਿਣਾ ਹੈ ਕਿ ਇਸ ਸੰਕਟ ‘ਚੋਂ ਨਿਕਲਣ ਲਈ 34 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ, ਜਦਕਿ ਫੈਡਰਲ ਸਰਕਾਰ ਤੋਂ ਸਿਰਫ਼ 248 ਕਰੋੜ ਰੁਪਏ ਹੀ ਮਿਲੇ ਹਨ। ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਰਾਜ ਅਤੇ ਸੰਘੀ ਸਰਕਾਰ ਤੋਂ ਮਦਦ ਮੰਗੀ ਹੈ। ਸਰਕਾਰੀ ਤੰਤਰ ਲੋਕਾਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਵਿੱਚ ਫੇਲ੍ਹ ਹੋ ਰਿਹਾ ਹੈ। ਸਰਕਾਰੀ ਕਰਮਚਾਰੀ ਹੁਣ ਬੇਘਰ ਲੋਕਾਂ ਨੂੰ ਪਨਾਹ ਦੇਣ ਤੋਂ ਬਚਦੇ ਨਜ਼ਰ ਆ ਰਹੇ ਹਨ। ਮੇਅਰ ਦੇ ਬੁਲਾਰੇ ਫੈਬੀਅਨ ਲੇਵੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਵਿੱਚ 2 ਵੱਡੇ ਰਾਹਤ ਕੈਂਪ ਸਥਾਪਤ ਕਰਨ ਜਾ ਰਿਹਾ ਹੈ। ਕਵੀਂਸ ਦੇ ਇੱਕ ਮਨੋਵਿਗਿਆਨਕ ਹਸਪਤਾਲ ਦੀ ਪਾਰਕਿੰਗ ਵਿੱਚ ਬਣਾਏ ਜਾਣ ਵਾਲੇ ਕੈਂਪ ਵਿੱਚ 1,000 ਲੋਕਾਂ ਦੀ ਸਮਰੱਥਾ ਹੋਵੇਗੀ।

Add a Comment

Your email address will not be published. Required fields are marked *