ਗ੍ਰੀਸ ‘ਚ ਜੰਮੂ ਦੇ ਨੌਜਵਾਨ ਦੀ ‘ਰਹੱਸਮਈ’ ਮੌਤ

ਗ੍ਰੀਸ ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਜੰਮੂ ਦੇ ਰਹਿਣ ਵਾਲੇ ਇਕ 26 ਸਾਲਾ ਨੌਜਵਾਨ ਦੀ  ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਹੁਣ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਮਦਦ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਜੰਮੂ ਜ਼ਿਲ੍ਹੇ ਦੇ ਪਿੰਡ ਮੁਠੀ ਦੇ ਰਹਿਣ ਵਾਲੇ ਪੰਕਜ ਸ਼ਰਮਾ ਦੀ ਕੁਝ ਦਿਨ ਪਹਿਲਾਂ ਗ੍ਰੀਸ ਵਿੱਚ ਰਹੱਸਮਈ ਢੰਗ ਨਾਲ ਮੌਤ ਹੋ ਗਈ ਸੀ। ਉਸਦੀ ਲਾਸ਼ ਨੂੰ ਗ੍ਰੀਸ ਦੇ ਜਨਰਲ ਹਸਪਤਾਲ, ਨੇਸ ਆਇਓਨਿਆਸ, ਕਾਂਸਟੈਂਟੋਪੋਲੀਓ ਵਿੱਚ ਰੱਖਿਆ ਗਿਆ ਹੈ। ਰਿਸ਼ਤੇਦਾਰਾਂ ਮੁਤਾਬਕ ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। 

ਮ੍ਰਿਤਕ ਦੀ ਮਾਂ ਗੀਤਾ ਦੇਵੀ ਨੇ ਪੀ.ਐੱਮ. ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੇ ਪੁੱਤਰ ਦੀ ਲਾਸ਼ ਭਾਰਤ ਲਿਆਉਣ ਵਿੱਚ ਮਦਦ ਕਰਨ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਪਿਛਲੇ ਤਿੰਨ ਸਾਲਾਂ ਤੋਂ ਗ੍ਰੀਸ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਇੱਕ ਰਿਸ਼ਤੇਦਾਰ ਨੇ ਦੱਸਿਆ ਕਿ “ਮ੍ਰਿਤਕ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਗ੍ਰੀਸ ਵਿੱਚ ਕਮਾਈ ਕਰਨ ਗਿਆ ਸੀ, ਪਰ ਰਹੱਸਮਈ ਹਾਲਾਤ ਵਿੱਚ ਉਸਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਮਾਤਾ ਅਤੇ ਤਿੰਨ ਭਰਾ ਛੱਡ ਗਿਆ ਹੈ। ਉਸ ਦੇ ਪਿਤਾ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਪਰਿਵਾਰ ਦੀ ਆਮਦਨ ਦਾ ਇੱਕੋ ਇੱਕ ਸਾਧਨ ਖੇਤੀ ਹੀ ਹੈ। 

ਮ੍ਰਿਤਕ ਦੇ ਚਚੇਰੇ ਭਰਾ ਰਵਿੰਦਰ ਸਿੰਘ ਨੇ ਏਜੰਸੀ ਨੂੰ ਦੱਸਿਆ ਕਿ ਅਸੀਂ ਆਪਣੇ ਭਰਾ ਦੀ ਲਾਸ਼ ਲੈਣ ਲਈ ਗ੍ਰੀਸ ਸਥਿਤ ਭਾਰਤੀ ਦੂਤਘਰ ਨਾਲ ਸੰਪਰਕ ਕਰ ਰਹੇ ਹਾਂ, ਪਰ ਅਜੇ ਤੱਕ ਕੁਝ ਹਾਸਲ ਨਹੀਂ ਹੋਇਆ ਹੈ। ਅਸੀਂ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕਰਦੇ ਹਾਂ ਤਾਂ ਜੋ ਪਰਿਵਾਰ ਨੂੰ ਜਲਦੀ ਤੋਂ ਜਲਦੀ ਪੰਕਜ ਦੀ ਲਾਸ਼ ਵਾਪਸ ਮਿਲ ਸਕੇ ਅਤੇ ਉਸਦਾ ਅੰਤਿਮ ਸੰਸਕਾਰ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ। ਰਿਸ਼ਤੇਦਾਰਾਂ ਨੇ ਮੰਗ ਕੀਤੀ ਕਿ “ਅਸੀਂ ਵਿਦੇਸ਼ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੇਂਦਰੀ ਮੰਤਰੀ ਡਾ: ਜਤਿੰਦਰ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਉਹ ਦਖਲ ਦੇ ਕੇ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਵਿੱਚ ਸਹਾਇਤਾ ਕਰਨ ਅਤੇ ਭਰਾ ਦੀ ਮੌਤ ਦੀ ਜਾਂਚ ਕਰਨ ਦੀ ਵੀ ਮੰਗ ਕਰਦੇ ਹਾਂ। 

Add a Comment

Your email address will not be published. Required fields are marked *