ਪਤੀ ਨੇ ਮੰਗਿਆ ਤਲਾਕ ਤਾਂ ਗੁੱਸੇ ‘ਚ ਪਤਨੀ ਨੇ ਪਾ ਦਿੱਤਾ ਉਬਲਦਾ ਪਾਣੀ

ਸਿੰਗਾਪੁਰ – ਸਿੰਗਾਪੁਰ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਦੋਂ ਇਕ ਪਤੀ ਨੇ ਤਲਾਕ ਮੰਗਿਆ ਤਾਂ ਗੁੱਸੇ ਵਿਚ ਆਈ ਪਤਨੀ ਨੇ ਉਸ ‘ਤੇ ਉਬਲਦਾ ਪਾਣੀ ਪਾ ਦਿੱਤਾ। ਦਿ ਸਟਰੇਟ ਟਾਈਮਜ਼ ਦੀ ਰਿਪੋਰਟ ਅਨੁਸਾਰ ਮਾਰਚ ਵਿੱਚ ਵਾਪਰੀ ਇਸ ਘਟਨਾ ਦੇ ਵੇਰਵੇ ਅਦਾਲਤ ਵਿੱਚ ਉਦੋਂ ਸਾਹਮਣੇ ਆਏ, ਜਦੋਂ ਰਹੀਮਾ ਨਿਸਵਾ ਨੇ ਆਪਣੇ 24 ਸਾਲਾ ਮਲੇਸ਼ੀਅਨ ਪਤੀ ‘ਤੇ ਹਮਲਾ ਕਰਨ ਦਾ ਦੋਸ਼ ਸਵੀਕਾਰ ਕਰ ਲਿਆ। 29 ਸਾਲਾ ਇੰਡੋਨੇਸ਼ੀਆਈ ਔਰਤ ਨੂੰ ਮੰਗਲਵਾਰ ਨੂੰ ਅੱਠ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਰਿਪੋਰਟ ਵਿੱਚ ਦੱਸਿਆ ਗਿਆ ਕਿ ਇੰਡੋਨੇਸ਼ੀਆ ਦੇ ਬਾਟੁਮ ਵਿਚ ਰਹਿਣ ਵਾਲੇ ਮੁਹੰਮਦ ਰਹੀਮੀ ਸ਼ਮੀਰ ਅਹਿਮਦ ਸਫੂਆਨ ਅਤੇ ਰਹੀਮਾ ਨੇ 2019 ਵਿੱਚ ਵਿਆਹ ਕੀਤਾ ਸੀ, ਪਰ ਦਸੰਬਰ 2022 ਤੱਕ ਸਬੰਧਾਂ ਵਿੱਚ ਖਟਾਸ ਆ ਗਈ। ਜਦੋਂ ਰਹੀਮਾ ਨੇ ਜਨਵਰੀ 2023 ਵਿੱਚ ਇੱਕ ਧੀ ਨੂੰ ਜਨਮ ਦਿੱਤਾ, ਤਾਂ ਉਹ ਰਹੀਮਾ ਅਤੇ ਉਸਦੀ ਮਾਂ ਨੂੰ ਮਿਲਣ ਲਈ ਸਿੰਗਾਪੁਰ ਤੋਂ ਬਾਟੁਮ ਗਿਆ। ਰਹੀਮੀ ਨੇ 19 ਮਾਰਚ ਨੂੰ ਤਲਾਕ ਦੀ ਸੰਭਾਵਨਾ ਬਾਰੇ ਗੱਲ ਕੀਤੀ ਅਤੇ ਅਗਲੇ ਦਿਨ ਉਹ ਸਿੰਗਾਪੁਰ ਵਾਪਸ ਆ ਗਿਆ। ਪਰ ਰਹੀਮਾ ਨੇ ਇਸ ਮਾਮਲੇ ਨੂੰ ਲੈ ਕੇ ਆਪਣੇ ਪਤੀ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ। ਇੱਕ ਮਹਿਲਾ ਸਹਿਕਰਮੀ ਨਾਲ 22 ਮਾਰਚ ਨੂੰ ਉਹ ਬਾਟੁਮ ਤੋਂ ਸਿੰਗਾਪੁਰ ਕਰੂਜ਼ ਸੈਂਟਰ ਪਹੁੰਚੀ।

ਡਿਪਟੀ ਪਬਲਿਕ ਪ੍ਰੌਸੀਕਿਊਟਰ ਓਂਗ ਸ਼ਿਨ ਜੀ ਨੇ ਕਿਹਾ ਕਿ ਉਸ ਦੀ ਸਹਿਕਰਮੀ ਨੂੰ ਇਸ ਗੱਲ ਬਾਰੇ ਜਾਣਕਾਰੀ ਨਹੀਂ ਸੀ ਕਿ ਉਹ ਕੀ ਕਰ ਰਹੀ ਹੈ। ਉਸ ਨੂੰ ਦੱਸਿਆ ਗਿਆ ਸੀ ਕਿ ਇਹ ਯਾਤਰਾ ਮਨੋਰੰਜਨ ਲਈ ਸੀ। ਉਹ ਉੱਥੇ ਇੱਕ ਹੋਟਲ ਵਿੱਚ ਠਹਿਰੀਆਂ। ਸਿੰਗਾਪੁਰ ਪਹੁੰਚਣ ਤੋਂ ਬਾਅਦ ਰਹੀਮਾ ਆਪਣੇ ਪਤੀ ਦੇ ਘਰ ਗਈ ਅਤੇ ਇਲਾਕੇ ਬਾਰੇ ਜਾਣਕਾਰੀ ਇਕੱਠੀ ਕੀਤੀ, ਕਿਉਂਕਿ ਉਹ ਉਸ ਇਲਾਕੇ ਤੋਂ ਜਾਣੂ ਹੋਣਾ ਚਾਹੁੰਦੀ ਸੀ ਜਿੱਥੇ ਉਹ ਰਹਿੰਦਾ ਸੀ। ਅਗਲੇ ਦਿਨ ਹੋਟਲ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਰਹੀਮਾ ਨੇ ਗਰਮ ਪਾਣੀ ਨਾਲ ਇੱਕ ਫਲਾਸਕ ਭਰਿਆ। ਰਿਪੋਰਟ ਵਿੱਚ ਕਿਹਾ ਗਿਆ ਕਿ ਉਸਨੇ ਮਹਿਲਾ ਸਹਿਕਰਮੀ ਨੂੰ ਕਿਹਾ ਕਿ ਉਹ ਘਰ ਜਾਣ ਤੋਂ ਪਹਿਲਾਂ ਆਪਣੇ ਪਤੀ ਨੂੰ ਮਿਲਣਾ ਚਾਹੁੰਦੀ ਹੈ। 

ਡੀਪੀਪੀ ਨੇ ਕਿਹਾ ਕਿ ਰਹੀਮਾ ਬਾਲਮ ਰੋਡ ‘ਤੇ ਵਾਪਸ ਆ ਗਈ ਅਤੇ ਫਿਰ ਆਪਣੀ ਪਛਾਣ ਲੁਕਾਉਣ ਲਈ ਬੁਰਕਾ ਪਹਿਨ ਲਿਆ। ਉਹ ਰਹੀਮੀ ਦੇ ਬਲਾਕ ‘ਤੇ ਪਹੁੰਚੀ ਅਤੇ ਉਸਦੇ ਫਲੈਟ ਨੇੜੇ ਪੌੜੀਆਂ ‘ਤੇ ਉਸਦੇ ਉਤਰਨ ਦਾ ਇੰਤਜ਼ਾਰ ਕਰਨ ਲੱਗੀ।10 ਮਿੰਟਾਂ ਬਾਅਦ ਉਸਨੇ ਉਸਨੂੰ ਯੂਨਿਟ ਤੋਂ ਬਾਹਰ ਜਾਂਦੇ ਦੇਖਿਆ। ਜਦੋਂ ਰਹੀਮੀ ਆਪਣੀ ਜੁੱਤੀ ਪਾ ਰਿਹਾ ਸੀ, ਉਹ ਉਸ ਵੱਲ ਭੱਜੀ ਅਤੇ ਉਸ ‘ਤੇ ਉਬਲਦਾ ਪਾਣੀ ਸੁੱਟ ਦਿੱਤਾ, ਜਿਸ ਨਾਲ ਉਹ ਦਰਦ ਨਾਲ ਚੀਕ ਪਿਆ।

ਮੌਕਾ ਦੇਖ ਕੇ ਰਹੀਮਾ ਬਲਾਕ ਤੋਂ ਭੱਜ ਗਈ ਅਤੇ ਬਾਅਦ ਵਿੱਚ ਮਹਿਲਾ ਸਹਿਕਰਮੀ ਨੂੰ ਮਿਲੀ। ਦੋਵੇਂ ਔਰਤਾਂ ਸਿੰਗਾਪੁਰ ਕਰੂਜ਼ ਸੈਂਟਰ ਤੋਂ ਬਾਟੁਮ ਲਈ ਕਿਸ਼ਤੀ ‘ਤੇ ਸਵਾਰ ਹੋਈਆਂ। ਪੀੜਤ ਦੇ ਰਿਸ਼ਤੇਦਾਰਾਂ ਨੇ ਪੁਲਸ ਨੂੰ ਸੂਚਿਤ ਕੀਤਾ। ਜਦੋਂ ਕਿਸ਼ਤੀ ਸਿੰਗਾਪੁਰ ਦੇ ਪਾਣੀਆਂ ਵਿੱਚ ਸੀ ਤਾਂ ਪੁਲਸ ਕੋਸਟ ਗਾਰਡ ਨੇ ਉਸਨੂੰ ਰੋਕ ਲਿਆ। ਉੱਧਰ ਪੀੜਤ ਨੂੰ ਸਿੰਗਾਪੁਰ ਦੇ ਜਨਰਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਸੈਕਿੰਡ ਡਿਗਰੀ ਬਰਨ ਹੋਣ ਕਾਰਨ ਇਲਾਜ ਚੱਲ ਰਿਹਾ ਹੈ। ਰਹੀਮਾ ਦਾ ਕੇਸ ਲੜਨ ਲਈ ਕੋਈ ਤਿਆਰ ਨਹੀਂ ਸੀ। ਉਸਨੇ ਮੰਗਲਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਉਸਨੂੰ ਪਛਤਾਵਾ ਸੀ ਅਤੇ ਕਿਹਾ ਕਿ ਉਹ ਦੁਬਾਰਾ ਪੀੜਤ ਨਾਲ ਰਹਿਣ ਦੀ ਉਮੀਦ ਕਰਦੀ ਹੈ।

Add a Comment

Your email address will not be published. Required fields are marked *