ਇਟਲੀ ‘ਚ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਨੂੰ ਲਾਇਆ ਤਾਲਾ

ਰੋਮ : ਬੀਤੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੀਨੋਨੇ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ‘ਚ ਚੱਲ ਰਹੇ ਵਿਵਾਦ ਨੂੰ ਠੱਲ੍ਹ ਪਾਉਣ ਲਈ ਬੇਸ਼ੱਕ ਸੰਗਤਾਂ ਨੇ 8 ਮੈਂਬਰੀ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬਸੰਮਤੀ ਨਾਲ ਚੁਣ ਲਈ ਹੈ ਪਰ ਇਸ ਦੇ ਬਾਵਜੂਦ ਇਸ ਗੁਰਦੁਆਰਾ ਸਾਹਿਬ ਵਿੱਚ ਸ਼ਾਂਤੀ ਹੋਣ ਦੀ ਬਜਾਏ ਹਾਲਾਤ ਵਿਗੜਦੇ ਹੀ ਜਾ ਰਹੇ ਹਨ। ਪਹਿਲੀ 5 ਮੈਂਬਰੀ ਕਮੇਟੀ ਵਿੱਚ 2 ਮੈਂਬਰ ਸੰਗਤ ਦੇ ਨਾਲ ਹਨ ਤੇ 2 ਮੈਂਬਰ ਸੰਗਤ ਦੇ ਖਿਲਾਫ਼ ਹਨ, ਜਦੋਂ ਕਿ ਇਕ 1 ਮੈਂਬਰ ਬਿਮਾਰ ਹੈ। ਸਰਬਸੰਮਤੀ ਨਾਲ ਸੰਗਤ ਵੱਲੋਂ ਚੁਣੇ 8 ਮੈਂਬਰਾਂ ਨੂੰ ਕਮੇਟੀ ਦੇ ਪਹਿਲੇ ਪ੍ਰਧਾਨ ਕੁਲਵਿੰਦਰ ਸਿੰਘ ਤੇ ਸੈਕਟਰੀ ਸਤਵਿੰਦਰ ਸਿੰਘ ਨੇ ਮਾਨਤਾ ਨਹੀਂ ਦਿੱਤੀ, ਜਿਸ ਕਾਰਨ ਇਹ ਵਿਵਾਦ ਅੱਜ ਉਦੋਂ ਹੋਰ ਵਧ ਗਿਆ, ਜਦੋਂ ਇਨ੍ਹਾਂ ਦੋਵਾਂ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਇਕ ਨੋਟਿਸ ਲਿਖ ਕੇ ਤਾਲਾ ਜੜ ਦਿੱਤਾ।

ਨੋਟਿਸ ਵਿੱਚ ਕਿਹਾ ਗਿਆ ਹੈ ਕਿ ਪਸੀਆਨੋ ਦੀ ਸਿੱਖ ਸੰਗਤ ਗੁਰਦੁਆਰਾ ਸਾਹਿਬ ਵਿਖੇ ਪਿਛਲੇ 5 ਹਫ਼ਤਿਆਂ ਦੀ ਸੇਵਾ ਦੌਰਾਨ ਵਾਪਰੀਆਂ ਗੰਭੀਰ ਅਤੇ ਵਾਰ-ਵਾਰ ਧਮਕੀਆਂ ਦੇਣ ਵਾਲੀਆਂ ਕਾਰਵਾਈਆਂ ਨੂੰ ਦੇਖਦਿਆਂ ਗੁਰੂ ਨਾਨਕ ਦੇਵ ਜੀ ਐਸੋਸੀਏਸ਼ਨ ਦੇ ਕੁਝ ਆਗੂਆਂ ਨੂੰ ਦਿੱਤੇ ਧਮਕੀ ਭਰੇ ਸੁਨੇਹਿਆਂ ਅਤੇ ਸਭ ਤੋਂ ਵੱਧ ਸਿੱਖ ਧਰਮ ਪ੍ਰਤੀ ਸਤਿਕਾਰ ਦੀ ਘਾਟ ਤੇ ਸਾਵਧਾਨੀ ਦੇ ਕਾਰਨਾਂ ਕਰਕੇ ਗੁਰਦੁਆਰਾ ਸਾਹਿਬ ਉਦੋਂ ਤੱਕ ਸੰਗਤ ਲਈ ਬੰਦ ਰਹੇਗਾ ਜਦੋਂ ਤੱਕ ਸਬੰਧਤ ਅਧਿਕਾਰੀਆਂ ਦੁਆਰਾ ਲੋੜੀਂਦੀ ਜਾਂਚ-ਪੜਤਾਲ ਨਹੀਂ ਕੀਤੀ ਜਾਂਦੀ। ਇਸ ਸਾਰੀ ਕਾਰਵਾਈ ਦੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਅਸਥਾਈ ਤੌਰ ‘ਤੇ ਬੰਦ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਇਸ ਕਾਰਵਾਈ ਦਾ ਸਿੱਖ ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Add a Comment

Your email address will not be published. Required fields are marked *