ਗੱਜਣਮਾਜਰਾ ਦੇ ਘਰੋਂ ਕੇਂਦਰੀ ਏਜੰਸੀ ਦੇ ਹੱਥ ਲੱਗੀ 32 ਲੱਖ ਰੁਪਏ ਦੀ ਨਕਦੀ

ਮਲੇਰਕੋਟਲਾ, 9 ਸਤੰਬਰ -ਕੱਲ੍ਹ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਅਤੇ ਕਾਰੋਬਾਰੀ ਅਦਾਰਿਆਂ ‘ਤੇ ਈ.ਡੀ. ਦੀਆਂ ਟੀਮਾਂ ਵਲੋਂ ਕੀਤੀ ਛਾਪੇਮਾਰੀ ਦੌਰਾਨ ਹੱਥ ਲੱਗੀ ਕਿਸੇ ਵੀ ਤਰ੍ਹਾਂ ਸਮਗਰੀ ਬਾਰੇ ਬੇਸ਼ੱਕ ਕੇਂਦਰੀ ਏਜੰਸੀ ਵਲੋਂ ਕੋਈ ਵੀ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ ਪ੍ਰੰਤੂ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਖ਼ੁਲਾਸਾ ਕੀਤਾ ਹੈ ਕਿ ਈ.ਡੀ. ਅਧਿਕਾਰੀਆਂ ਦੀ ਟੀਮ ਉਨ੍ਹਾਂ ਦੇ ਘਰੋਂ 32 ਲੱਖ ਰੁਪਏ ਦੀ ਨਕਦੀ ਅਤੇ ਤਿੰਨੇ ਗੱਜਣਮਾਜਰਾ ਭਰਾਵਾਂ ਦੇ ਮੋਬਾਇਲ ਫ਼ੋਨ ਆਪਣੇ ਨਾਲ ਲੈ ਗਈ ਹੈ | ਪ੍ਰੋ. ਗੱਜਣਮਾਜਰਾ ਇਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਕਰੀਬ 7 ਵਜੇ ਈ.ਡੀ. ਦੇ ਕਰੀਬ 15-16 ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਰਾਤੀਂ ਕਰੀਬ 9.30 ਵਜੇ ਤੱਕ ਜਾਂਚ ਪੜਤਾਲ ਕੀਤੀ | ਆਪਣੇ ਘਰ ‘ਚੋਂ ਮਿਲੇ 32 ਲੱਖ ਰੁਪਏ ਦੀ ਨਕਦੀ ਬਾਰੇ ਪ੍ਰੋ. ਗੱਜਣਮਾਜਰਾ ਨੇ ਸਪਸ਼ਟ ਕੀਤਾ ਕਿ ਇਹ ਰਕਮ ਐਕਸਿਸ ਬੈਂਕ ਅਤੇ ਸਟੇਟ ਬੈਂਕ ਦੇ ਖਾਤਿਆਂ ਦੀਆਂ ਐਂਟਰੀਆਂ ਨਾਲ ਸੰਬੰਧਿਤ ਹੈ ਜਿਨ੍ਹਾਂ ਬਾਰੇ ਈ.ਡੀ. ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਸੀ | ਜਾਂਚ ਅਧਿਕਾਰੀ ਇਸ ਰਕਮ ਬਾਰੇ ਕਹਿ ਕੇ ਗਏ ਹਨ ਕਿ ਬੈਂਕਾਂ ਦੀਆਂ ਐਂਟਰੀਆਂ ਦਿਖਾ ਕੇ ਇਹ ਰਕਮ ਵਾਪਸ ਲੈ ਜਾਣੀ | ਉਨ੍ਹਾਂ ਦੱਸਿਆ ਕਿ ਘਰ ਵਿਚੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ ਜਿਸ ਨੂੰ ਸੰਵੇਦਨਸ਼ੀਲ ਕਿਹਾ ਜਾ ਸਕੇ | ਮੋਬਾਇਲ ਫੋਨਾਂ ਅਤੇ ਕੰਪਿਊਟਰ ਡਿਸਕਾਂ ਬਾਰੇ ਪ੍ਰੋ. ਗੱਜਣਮਾਜਰਾ ਨੇ ਦੱਸਿਆ ਕਿ ਇਨ੍ਹਾਂ ਵਿਚ ਅਜਿਹਾ ਕੋਈ ਵੀ ਸੰਵੇਦਨਸ਼ੀਲ ਦਸਤਾਵੇਜ਼ ਜਾਂ ਛੁਪੀ ਹੋਈ ਚਿੰਤਾਜਨਕ ਜਾਣਕਾਰੀ ਨਹੀਂ ਹੈ | ਪ੍ਰੋ. ਗੱਜਣਮਾਜਰਾ ਨੇ ਏਜੰਸੀਆਂ ਉੱਪਰ ਵੱਡੀਆਂ ਤਾਕਤਾਂ ਦਾ ਦਬਾਅ ਦੱਸਦਿਆਂ ਸਪਸ਼ਟ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਦਬਾਅ ਹੇਠ ਝੁਕਦੀ ਨਹੀਂ ਹੈ | ਏਜੰਸੀਆਂ ਨੇ ਆਪਣਾ ਕੰਮ ਕਰਨਾ ਹੈ ਅਤੇ ਉਹ ਜਾਂਚ ਵਿਚ ਪੂਰਾ ਸਹਿਯੋਗ ਕਰ ਰਹੇ ਹਨ ਤੇ ਕਰਦੇ ਰਹਿਣਗੇ | ਜੇ ਕਿਸੇ ਹੋਰ ਨੇ ਵੀ ਜਾਂਚ ਪੜਤਾਲ ਕਰਨੀ ਹੈ ਤਾਂ ਉਹ ਵੀ ਕਰ ਲਵੇ |

Add a Comment

Your email address will not be published. Required fields are marked *