ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਣ ‘ਤੇ UK ਦੇ MP ਤਨਮਨਜੀਤ ਸਿੰਘ ਢੇਸੀ ਦਾ ਪਹਿਲਾ ਬਿਆਨ

ਜਲੰਧਰ: ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ‘ਤੇ ਰੋਕੇ ਜਾਣ ਦੇ ਮਾਮਲੇ ‘ਤੇ ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਤੇ ਸਿੱਖਾਂ ਨਾਲ ਖੜਣ ਦੀ ਇਹ ਕੀਮਤ ਅਦਾ ਕਰਨੀ ਪਈ ਹੈ। ਢੇਸੀ ਨੇ ਫੇਸਬੁੱਕ ‘ਤੇ ਲਿਖਿਆ, “ਪਿਛਲੇ ਸਾਲ ਭਾਰਤ ਆਉਣ ‘ਤੇ ਮੈਨੂੰ ਕਿਸਾਨ ਅੰਦੋਲਨ ਦੌਰਾਨ ਮਨੁੱਖੀ ਅਧਿਕਾਰਾਂ ਲਈ ਜ਼ੋਰਦਾਰ ਢੰਗ ਨਾਲ ਬੋਲਣ ਦੀ ਮਾਨਤਾ ਵਜੋਂ  ਬਹੁਤ ਸਾਰੀਆਂ ਭਾਰਤੀ ਕਿਸਾਨ ਯੂਨੀਅਨਾਂ ਅਤੇ ਸਿਵਲ ਸੁਸਾਇਟੀਆਂ ਤੋਂ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ ਸੀ। ਪਰ ਅੱਜ ਅੰਮ੍ਰਿਤਸਰ ਹਵਾਈ ਅੱਡੇ ‘ਤੇ 2 ਘੰਟਿਆਂ ਤੋਂ ਵੱਧ ਸਮੇਂ ਲਈ ਰੋਕ ਕੇ ਬੇਇੱਜ਼ਤ ਕੀਤਾ ਗਿਆ, ਕਿਉਂਕਿ ਕੁਝ ਨਫ਼ਰਤ ਕਰਨ ਵਾਲਿਆਂ ਨੇ ਮੇਰਾ ਵੈਧ OCI ਵੀਜ਼ਾ ਮੁਅੱਤਲ ਕਰਨ ਦੀ ਸ਼ਿਕਾਇਤ ਕੀਤੀ ਸੀ। ਅਫ਼ਵਾਹਾਂ ਦੇ ਬਾਵਜੂਦ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਦੀ ਦਖਲਅੰਦਾਜ਼ੀ ਕਾਰਨ ਉੱਥੇ ਦੇ ਅਧਿਕਾਰੀਆਂ ਨਾਲ ਇਹ ਮੁੱਦਾ ਪੂਰੀ ਤਰ੍ਹਾਂ ਹੱਲ ਹੋ ਗਿਆ। ਇੱਥੋਂ ਤਕ ਕਿ ਇਕ ਸੰਸਦ ਮੈਂਬਰ ਲਈ ਜੋ ਪੰਜਾਬ, ਭਾਰਤ ਅਤੇ ਵਿਆਪਕ ਉਪਮਹਾਦੀਪ ਦੀ ਬਿਹਤਰੀ ਲਈ ਨਿਰੰਤਰ ਕਾਮਨਾ ਅਤੇ ਕੰਮ ਕਰ ਰਿਹਾ ਹੈ, ਮੇਰਾ ਅੰਦਾਜ਼ਾ ਹੈ ਕਿ ਇਹ ਕਿਸਾਨਾਂ, ਹਾਸ਼ੀਏ ‘ਤੇ ਪਏ ਲੋਕਾਂ ਅਤੇ ਸਿੱਖਾਂ ਜਿਹੀਆਂ ਘੱਟ ਗਿਣਤੀਆਂ ਨਾਲ ਇੱਕਜੁੱਟ ਹੋ ਕੇ ਖੜੇ ਹੋਣ ਦੀ ਇਹ ਕੀਮਤ ਚੁਕਾਉਣੀ ਪਈ ਹੈ।”

ਦੱਸ ਦਈਏ ਕਿ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ‘ਤੇ ਯੂ.ਕੇ ਤੋਂ ਆਏ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਰੋਕ ਲਿਆ। ਉਹ ਬਰਮਿੰਘਮ ਤੋਂ ਏਅਰ ਇੰਡੀਆ ਦੀ ਫਲਾਈਟ ਨੰਬਰ AI-118 ਰਾਹੀਂ ਅੰਮ੍ਰਿਤਸਰ ਪੁੱਜੇ ਸਨ। ਜਦੋਂ ਉਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੈੱਕ-ਆਊਟ ਕੀਤਾ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ‘ਚ ਦਸਤਾਵੇਜ਼ ਮੰਗਵਾਏ ਜਾਣ ‘ਤੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਢੇਸੀ ਯੂਕੇ ਦੇ ਸੰਸਦ ਮੈਂਬਰ ਵਜੋਂ ਪਹਿਲੇ ਦਸਤਾਰਧਾਰੀ ਸਿੱਖ ਹਨ। 

Add a Comment

Your email address will not be published. Required fields are marked *