ਅਮਰੀਕਾ ‘ਚ ਚੀਨ ਦੇ 6 ਹੋਰ ‘ਪੁਲਸ ਸਟੇਸ਼ਨਾਂ’ ਦਾ ਖੁਲਾਸਾ

ਨਿਊਯਾਰਕ : ਦੁਨੀਆ ਦੇ ਕਈ ਦੇਸ਼ ਸਮੇਂ-ਸਮੇਂ ‘ਤੇ ਚੀਨ ‘ਤੇ ਜਾਸੂਸੀ ਦਾ ਦੋਸ਼ ਲਗਾਉਂਦੇ ਰਹੇ ਹਨ। ਅਮਰੀਕਾ ਨੇ ਇਕ ਵਾਰ ਫਿਰ ਚੀਨ ਦੀ ਜਾਸੂਸੀ ਦਾ ਪਰਦਾਫਾਸ਼ ਕੀਤਾ ਹੈ। ਅਮਰੀਕਾ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਦੇਸ਼ ਵਿੱਚ 6 ਹੋਰ ਚੀਨੀ ਟਿਕਾਣਿਆਂ ਦਾ ਪਤਾ ਲਗਾਇਆ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਅਮਰੀਕਾ ਨੇ ਆਪਣੇ ਦੇਸ਼ ਵਿੱਚ 6 ਹੋਰ ਚੀਨੀ ‘ਪੁਲਸ ਸਟੇਸ਼ਨਾਂ’ ਦਾ ਖੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਗੈਰ-ਕਾਨੂੰਨੀ ਸੰਸਥਾਵਾਂ ਹਨ, ਜੋ ਅਮਰੀਕਾ ‘ਚ ਫੈਲੀਆਂ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕੀ ਖੁਫੀਆ ਏਜੰਸੀ ਐੱਫਬੀਆਈ ਨੇ ਨਿਊਯਾਰਕ ਦੇ ਮੈਨਹਟਨ ‘ਚ ਇਕ ਚੀਨੀ ‘ਪੁਲਸ ਸਟੇਸ਼ਨ’ ਦਾ ਖੁਲਾਸਾ ਕਰਦਿਆਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਇਹ ਸਭ ਕੁਝ ਚੀਨੀ ਅਧਿਕਾਰੀਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ। ਸੀਐੱਨਐੱਨ ਦੀ ਇਕ ਰਿਪੋਰਟ ਮੁਤਾਬਕ ਚੀਨ ਨੇ ਕਥਿਤ ਤੌਰ ‘ਤੇ ਘੱਟੋ-ਘੱਟ 53 ਦੇਸ਼ਾਂ ਵਿੱਚ 102 ਪੁਲਸ ਸਟੇਸ਼ਨ ਬਣਾਏ ਹਨ।

ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਰਾਹੀਂ ਅਸੰਤੁਸ਼ਟਾਂ ‘ਤੇ ਨਜ਼ਰ ਰੱਖੀ ਜਾਂਦੀ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਹ ਕਥਿਤ ਤੌਰ ‘ਤੇ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦਾ ਹਿੱਸਾ ਹੈ। ਅਮਰੀਕੀ ਅਧਿਕਾਰੀਆਂ ਨੇ ਚੀਨ ਦੇ ਜਨਤਕ ਸੁਰੱਖਿਆ ਮੰਤਰਾਲੇ ਦੇ 34 ਅਧਿਕਾਰੀਆਂ ‘ਤੇ ਅਮਰੀਕਾ ‘ਚ ਰਹਿਣ ਵਾਲੇ ਚੀਨੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਕ ਅਮਰੀਕੀ ਦੂਰਸੰਚਾਰ ਕੰਪਨੀ ਦੇ ਇਕ ਕਾਰਜਕਾਰੀ ਅਤੇ ਇਕ ਨਾਗਰਿਕ ‘ਤੇ ਵੀ ਅਸਹਿਮਤਾਂ ਨੂੰ ਦਬਾਉਣ ਦਾ ਦੋਸ਼ ਲਗਾਇਆ ਗਿਆ ਹੈ। ਲਾਸ ਏਂਜਲਸ ਅਤੇ ਨਿਊਯਾਰਕ ਤੋਂ ਇਲਾਵਾ ਐੱਫਬੀਆਈ ਨੇ ਸਾਨ ਫਰਾਂਸਿਸਕੋ ਅਤੇ ਹਿਊਸਟਨ ਦੇ ਨਾਲ-ਨਾਲ ਨੇਬਰਾਸਕਾ ਅਤੇ ਮਿਨੇਸੋਟਾ ਦੇ ਸ਼ਹਿਰਾਂ ਵਿੱਚ ਅਖੌਤੀ ਵਿਦੇਸ਼ੀ ਸਰਵਿਸ ਸਟੇਸ਼ਨ ਲੱਭੇ ਹਨ।

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਚੀਨੀ ਕਮਿਊਨਿਸਟ ਪਾਰਟੀ ਦੀ ਨਿਗਰਾਨੀ ਹੇਠ ਇਕ ਸੰਗਠਨ ਨੂੰ ਦੁਨੀਆ ਭਰ ਵਿੱਚ ਚੀਨੀ ਨਾਗਰਿਕਾਂ ਦੀ ਜਾਸੂਸੀ ਕਰਨ ਦਾ ਕੰਮ ਸੌਂਪਿਆ ਗਿਆ ਹੈ। ਹਾਲਾਂਕਿ ਚੀਨ ਨੇ ਇਨ੍ਹਾਂ ਸਟੇਸ਼ਨਾਂ ਨੂੰ ਚਲਾਉਣ ਤੋਂ ਇਨਕਾਰ ਕੀਤਾ ਹੈ। ਮੈਡ੍ਰਿਡ ਸਥਿਤ ਮਨੁੱਖੀ ਅਧਿਕਾਰ ਸਮੂਹ ਨੇ ਪਿਛਲੇ ਸਾਲ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿੱਚ ਦੁਨੀਆ ਭਰ ਦੇ 100 ਗੁਪਤ ਚੀਨੀ ਪੁਲਸ ਸਟੇਸ਼ਨਾਂ ਦਾ ਵੇਰਵਾ ਦਿੱਤਾ ਗਿਆ ਸੀ। ਐੱਫਬੀਆਈ ਨੇ ਦਾਅਵਾ ਕੀਤਾ ਕਿ ਅਜਿਹੀ ਗ੍ਰਿਫ਼ਤਾਰੀ ਦੁਨੀਆ ਵਿੱਚ ਪਹਿਲੀ ਵਾਰ ਹੋਈ ਹੈ। ਏਜੰਸੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ 61 ਸਾਲਾ ਲਿਊ ਜਿਆਨਵਾਂਗ ਅਤੇ 59 ਸਾਲਾ ਚੇਨ ਜਿਨਪਿੰਗ, ਜਿਨ੍ਹਾਂ ਨੇ 2022 ਦੇ ਸ਼ੁਰੂ ‘ਚ ਮੈਨਹਟਨ ਦੇ ਚਾਈਨਾ ਟਾਊਨ ‘ਚ ਗੁਪਤ ਪੁਲਸ ਚੌਕੀ ਖੋਲ੍ਹੀ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਲੂ ਜਿਆਨਵਾਂਗ ਅਤੇ ਚੇਨ ਜਿਨਪਿੰਗ ਮੂਲ ਰੂਪ ਤੋਂ ਅਮਰੀਕੀ ਨਾਗਰਿਕ ਹਨ।

Add a Comment

Your email address will not be published. Required fields are marked *