ਕੈਨੇਡਾ ਦੇ PM ਟਰੂਡੋ 18 ਸਾਲ ਬਾਅਦ ਪਤਨੀ ਸੋਫੀ ਤੋਂ ਹੋਣਗੇ ਵੱਖ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਆਹ ਦੇ 18 ਸਾਲ ਬਾਅਦ ਆਪਣੀ ਪਤਨੀ ਸੋਫੀ ਤੋਂ ਵੱਖ ਹੋ ਰਹੇ ਹਨ। ਬੁੱਧਵਾਰ ਨੂੰ ਪੀਐੱਮ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਐਲਾਨ ਕੀਤਾ ਹੈ। ਸੋਫੀ ਗ੍ਰੇਗੋਇਰ ਟਰੂਡੋ ਇਸ ਸਮੇਂ ਆਪਣੇ ਗ੍ਰਹਿ ਸ਼ਹਿਰ ਕਿਊਬਿਕ ਵਿੱਚ ਹੈ। ਉਹ ਟੀਵੀ ਰਿਪੋਰਟਰ ਰਹਿ ਚੁੱਕੀ ਹੈ। ਸੋਫੀ ਨੇ ਲਗਾਤਾਰ ਤਿੰਨ ਚੋਣਾਂ ਦੌਰਾਨ ਪ੍ਰਚਾਰ ਵਿੱਚ ਪਤੀ ਟਰੂਡੋ ਦਾ ਸਾਥ ਦਿੱਤਾ ਸੀ। ਉਹ ਅਕਸਰ ਔਰਤਾਂ ਦੇ ਅਧਿਕਾਰਾਂ ਅਤੇ ਮਾਨਸਿਕ ਸਿਹਤ ਮੁੱਦਿਆਂ ਦੀ ਵਕਾਲਤ ਕਰਦੀ ਆਈ ਹੈ। ਪ੍ਰਧਾਨ ਮੰਤਰੀ ਜਸਟਿਨ ਅਤੇ ਸੋਫੀ ਤਿੰਨ ਬੱਚਿਆਂ ਦੇ ਮਾਤਾ-ਪਿਤਾ ਹਨ। ਟਰੂਡੋ ਪਰਿਵਾਰ ਸਾਲ 2018 ‘ਚ ਪਹਿਲੀ ਵਾਰ ਅਧਿਕਾਰਤ ਦੌਰੇ ‘ਤੇ ਭਾਰਤ ਆਇਆ ਸੀ।

ਇੰਸਟਾਗ੍ਰਾਮ ‘ਤੇ ਪ੍ਰਧਾਨ ਮੰਤਰੀ ਟਰੂਡੋ ਤੋਂ ਵੱਖ ਹੋਣ ਦਾ ਐਲਾਨ ਵੀ ਕੀਤਾ ਗਿਆ। ਟਰੂਡੋ ਨੇ ਇਕ ਪੋਸਟ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ਕਈ ਗੱਲਾਂ ਕਹੀਆਂ ਹਨ। ਟਰੂਡੋ ਨੇ ਲਿਖਿਆ, ‘ਸੋਫੀ ਅਤੇ ਮੈਂ ਤੁਹਾਡੇ ਨਾਲ ਸੱਚਾਈ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਬਹੁਤ ਸਾਰੀਆਂ ਤਰਕਪੂਰਨ ਅਤੇ ਮੁਸ਼ਕਿਲ ਚਰਚਾਵਾਂ ਤੋਂ ਬਾਅਦ ਸੋਫੀ ਅਤੇ ਮੈਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਹਮੇਸ਼ਾ ਵਾਂਗ ਅਸੀਂ ਇਕ ਦੂਜੇ ਲਈ ਸਤਿਕਾਰ ਅਤੇ ਪਿਆਰ ਨਾਲ ਇਕ ਨਜ਼ਦੀਕੀ ਪਰਿਵਾਰ ਬਣ ਕੇ ਰਹਾਂਗੇ ਅਤੇ ਜੋ ਅਸੀਂ ਬਣਾਇਆ ਹੈ ਉਸ ਨੂੰ ਅੱਗੇ ਵੀ ਬਣਾਉਣਾ ਜਾਰੀ ਰੱਖਾਂਗੇ।’ ਟਰੂਡੋ ਨੇ ਅੱਗੇ ਲਿਖਿਆ, ‘ਬੱਚਿਆਂ ਦੀ ਬਿਹਤਰੀ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੀ ਅਤੇ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ।’

Add a Comment

Your email address will not be published. Required fields are marked *