‘OMG 2’ ’ਚ ਬਦਲਿਆ ਜਾਵੇ ਅਕਸ਼ੇ ਵਲੋਂ ਨਿਭਾਇਆ ਮਹਾਦੇਵ ਦਾ ਕਿਰਦਾਰ

ਮੁੰਬਈ– ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ ਤੇ ਯਾਮੀ ਗੌਤਮ ਵਰਗੇ ਸਿਤਾਰਿਆਂ ਵਾਲੀ ਫ਼ਿਲਮ ‘OMG 2’ ਲਗਾਤਾਰ ਚਰਚਾ ’ਚ ਹੈ। ਇਸ ਫ਼ਿਲਮ ਦੀ ਰਿਲੀਜ਼ ਡੇਟ ਵੀ ਨੇੜੇ ਆ ਰਹੀ ਹੈ ਪਰ ਇਸ ਦੇ ਨਾਲ ਹੀ ਇਸ ਦੀ ਰਿਲੀਜ਼ ਦੇ ਰਾਹ ’ਚ ਕਈ ਰੁਕਾਵਟਾਂ ਆ ਰਹੀਆਂ ਹਨ। ਇਹ ਫ਼ਿਲਮ ਨਿਰਮਾਤਾ-ਨਿਰਦੇਸ਼ਕ ਅਨਿਲ ਸ਼ਰਮਾ ਦੀ ‘ਗਦਰ 2’ ਨਾਲ 11 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਖ਼ਬਰਾਂ ਮੁਤਾਬਕ ਫ਼ਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਹਾਲਾਂਕਿ ਮੇਕਰਸ ਵਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸੈਂਸਰ ਬੋਰਡ ਚਾਹੁੰਦਾ ਹੈ ਕਿ ਅਕਸ਼ੇ ਕੁਮਾਰ ਵੀ ਆਪਣਾ ਭਗਵਾਨ ਸ਼ਿਵ ਦਾ ਕਿਰਦਾਰ ਬਦਲੇ।

ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਦੀ ਰਿਵਾਈਜ਼ਿੰਗ ਕਮੇਟੀ ਨੇ ਅਕਸ਼ੇ ਕੁਮਾਰ ਸਟਾਰਰ ਫ਼ਿਲਮ ਨੂੰ ਵਿਵਾਦਿਤ ਕਰਾਰ ਦਿੱਤਾ ਹੈ ਤੇ ਫ਼ਿਲਮ ਨੂੰ ਏ ਸਰਟੀਫਿਕੇਟ ਦਿੱਤਾ ਹੈ। ਫ਼ਿਲਮ ਦੇ ਰਿਲੀਜ਼ ਹੋਣ ’ਚ ਕੁਝ ਦਿਨ ਹੀ ਰਹਿ ਗਏ ਹਨ ਪਰ ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਪ੍ਰਮਾਣਿਤ ਕਰਨਾ ਬਾਕੀ ਹੈ। ਖ਼ਬਰਾਂ ਆ ਰਹੀਆਂ ਹਨ ਕਿ ਮੇਕਰ ਫ਼ਿਲਮ ਦੇ ਕੰਟੈਂਟ ਤੇ ਸੀਨਜ਼ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। ਦੂਜੇ ਪਾਸੇ ਸੈਂਸਰ ਬੋਰਡ ਵੀ ਅੜਿਆ ਹੈ ਤੇ ਕਿਸੇ ਵੀ ਤਰ੍ਹਾਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ।

‘OMG’ ਤੋਂ ਬਾਅਦ ਦਰਸ਼ਕ ‘OMG 2’ ’ਚ ਅਕਸ਼ੇ ਕੁਮਾਰ ਦੇ ਸ਼ਿਵ ਲੁੱਕ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਪ੍ਰਸ਼ੰਸਕਾਂ ਨੂੰ ਅਦਾਕਾਰ ਦਾ ਇਹ ਲੁੱਕ ਪਸੰਦ ਆ ਰਿਹਾ ਹੈ ਪਰ ਸੈਂਸਰ ਬੋਰਡ ਨੂੰ ਸ਼ਾਇਦ ਅਕਸ਼ੇ ਦਾ ਇਹ ਲੁੱਕ ਪਸੰਦ ਨਾ ਆਇਆ ਹੋਵੇ। ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਫ਼ਿਲਮ ’ਚ ਅਕਸ਼ੇ ਦੇ ਭਗਵਾਨ ਸ਼ਿਵ ਦੇ ਕਿਰਦਾਰ ਨੂੰ ਮਨਜ਼ੂਰੀ ਨਹੀਂ ਦੇ ਰਿਹਾ ਹੈ। ਸੈਂਸਰ ਬੋਰਡ ਚਾਹੁੰਦਾ ਹੈ ਕਿ ਨਿਰਮਾਤਾ ਅਕਸ਼ੇ ਦੀ ਭੂਮਿਕਾ ਨੂੰ ਬਦਲ ਕੇ ਉਨ੍ਹਾਂ ਨੂੰ ਭਗਵਾਨ ਸ਼ਿਵ ਦੀ ਬਜਾਏ ਭਗਵਾਨ ਦੇ ਦੂਤ ਵਜੋਂ ਦਿਖਾਉਣ।

ਤੁਹਾਨੂੰ ਦੱਸ ਦੇਈਏ ਕਿ ਏ ਸਰਟੀਫਿਕੇਟ ਮਿਲਣ ਦਾ ਮਤਲਬ ਹੈ ਕਿ ਪਰਿਵਾਰ ਤੇ ਬੱਚੇ ਫ਼ਿਲਮ ਨਹੀਂ ਦੇਖ ਸਕਦੇ। ਅਜਿਹੇ ’ਚ ਫ਼ਿਲਮ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਫ਼ਿਲਮ ਦੇ ਨਿਰਮਾਤਾ ਇਸ ਗੱਲ ’ਤੇ ਵਿਚਾਰ ਕਰ ਰਹੇ ਹਨ ਕਿ ਫ਼ਿਲਮ ਨੂੰ ਕਿਵੇਂ ਰਿਲੀਜ਼ ਕੀਤਾ ਜਾਵੇ।

Add a Comment

Your email address will not be published. Required fields are marked *