ਕਿਸਾਨ ਔਰਤਾਂ ਨੇ ਸੋਨੀਆ ਨਾਲ ਕੀਤੀ ਰਾਹੁਲ ਦੇ ਵਿਆਹ ਦੀ ਗੱਲ

ਹਰਿਆਣਾ ਦੀਆਂ ਕਿਸਾਨ ਔਰਤਾਂ ਨੇ ਹਾਲ ਹੀ ਵਿਚ ਕਾਂਗਰਸ ਨੇਤਾ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ ਵਿਚ ਉਨ੍ਹਾਂ ਨੂੰ ਕਿਹਾ ਕਿ ਉਹ ‘ਰਾਹੁਲ ਦਾ ਵਿਆਹ ਕਰਵਾਉਣ।’ ਇਸ ਦੇ ਜਵਾਬ ਵਿਚ ਸੋਨੀਆ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵਿਆਹ ਲਈ ਕੁੜੀ ਲੱਭੋ।’ ਵਿਆਹ ਦੀ ਇਸ ਚਰਚਾ ਵਿਚਾਲੇ ਉੱਥੇ ਮੌਜੂਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ‘ਇਹ ਹੋ ਜਾਵੇਗਾ।’ ਜ਼ਿਕਰਯੋਗ ਹੈ ਕਿ ਰਾਹੁਲ ਨੇ ਹਾਲ ਹੀ ਵਿਚ ਹਰਿਆਣਾ ਦੀ ਆਪਣੀ ਯਾਤਰਾ ਦੌਰਾਨ ਉੱਥੋਂ ਦੀਆਂ ਕਿਸਾਨ ਔਰਤਾਂ ਨਾਲ ਉਨ੍ਹਾਂ ਨੂੰ ਖਾਣੇ ਉਤੇ ਦਿੱਲੀ ਸੱਦਣ ਦਾ ਵਾਅਦਾ ਕੀਤਾ ਸੀ ਤੇ ਇਸੇ ਵਾਅਦੇ ਨੂੰ ਪੂਰਾ ਕਰਦਿਆਂ ਸੋਨੀਆ ਗਾਂਧੀ ਨੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀਆਂ ਕੁਝ ਮਹਿਲਾਵਾਂ ਨੂੰ ਆਪਣੀ ਰਿਹਾਇਸ਼ ’ਤੇ ਦੁਪਹਿਰ ਦੇ ਭੋਜਨ ਲਈ ਸੱਦਾ ਦਿੱਤਾ ਸੀ। ਦੁਪਹਿਰ ਦੇ ਭੋਜਨ ’ਤੇ ਸੱਦੀਆਂ ਔਰਤਾਂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਰਾਹੁਲ ਦੇ ਵਿਆਹ ਦੀ ਚਰਚਾ ਕੀਤੀ। ਸੋਨੀਆ ਦੀ 10 ਜਨਪਥ ਰਿਹਾਇਸ਼ ਉਤੇ ਪਹੁੰਚੀ ਇਕ ਔਤਰ ਨੇ ਉਨ੍ਹਾਂ ਨੂੰ ਕਿਹਾ, ‘ਰਾਹੁਲ ਦਾ ਵਿਆਹ ਕਰਵਾਓ।’ ਇਸ ਉਤੇ ਸੋਨੀਆ ਨੇ ਕਿਹਾ, ‘ਤੁਸੀਂ ਉਸ ਲਈ ਲੜਕੀ ਲੱਭੋ।’ ਰਾਹੁਲ ਉੱਥੇ ਖੜ੍ਹੇ ਇਸ ਗੱਲਬਾਤ ਨੂੰ ਸੁਣ ਰਹੇ ਸਨ ਤੇ ਉਨ੍ਹਾਂ ਕਿਹਾ, ‘ਇਹ ਹੋ ਜਾਵੇਗਾ…।’ ਇਸ ਦੌਰਾਨ ਇਕ ਮਹਿਲਾ ਨੇ ਰਾਹੁਲ ਨੂੰ ਆਪਣੇ ਹੱਥ ਨਾਲ ਖਾਣਾ ਵੀ ਖੁਆਇਆ। ਹਲਕੇ-ਫੁਲਕੇ ਮਾਹੌਲ ਵਿਚ ਚਰਚਾ ਵਿਚਾਲੇ ਕਾਂਗਰਸ ਜਨਰਲ ਸਕੱਤਰ ਤੇ ਰਾਹੁਲ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੇ ਮਹਿਲਾਵਾਂ ਨੂੰ ਕਿਹਾ, ‘ਰਾਹੁਲ ਮੇਰੇ ਨਾਲੋਂ ਜ਼ਿਆਦਾ ਸ਼ਰਾਰਤੀ ਸੀ, ਪਰ ਜ਼ਿਆਦਾ ਝਿੜਕਾਂ ਮੈਨੂੰ ਪੈਂਦੀਆਂ ਸਨ।’

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ 8 ਜੁਲਾਈ ਨੂੰ ਅਚਾਨਕ ਸੋਨੀਪਤ ਦੇ ਮਦੀਨਾ ਪਿੰਡ ਪਹੁੰਚੇ ਸਨ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨਾਲ ਸਮਾਂ ਬਿਤਾਇਆ ਸੀ। ਇਸ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ‘ਦਿੱਲੀ ਦਰਸ਼ਨ’ ਲਈ ਬੁਲਾਉਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਲੋਕਾਂ ਨੇ ਕਾਂਗਰਸ ਨੇਤਾ ਨੂੰ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ਦੇ ਐਨੇ ਕਰੀਬ ਰਹਿੰਦੇ ਹੋਣ ਦੇ ਬਾਵਜੂਦ ਉਹ ਦਿੱਲੀ ਕਦੇ ਨਹੀਂ ਗਏ। ਲੋਕਾਂ ਨਾਲ ਇਸ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਨੇ ਕਿਸਾਨ ਮਹਿਲਾਵਾਂ ਦੀ ਗੱਲਬਾਤ ਆਪਣੀ ਭੈਣ ਪ੍ਰਿਯੰਕਾ ਨਾਲ ਕਰਵਾਈ ਸੀ। ਇਨ੍ਹਾਂ ਔਰਤਾਂ ਨੇ ਪ੍ਰਿਯੰਕਾ ਗਾਂਧੀ ਵਾਡਰਾ ਕੋਲ ਇੱਛਾ ਜ਼ਾਹਿਰ ਕੀਤੀ ਸੀ ਕਿ ਕਾਂਗਰਸ ਆਗੂ ਉਨ੍ਹਾਂ ਨੂੰ ਖਾਣੇ ਉਤੇ ਸੱਦਣ। ਰਾਹੁਲ ਨੇ ਔਰਤਾਂ ਨਾਲ ਮੁਲਾਕਾਤ ਤੋਂ ਬਾਅਦ ਟਵਿੱਟਰ ਉਤੇ ਇਕ ਵੀਡੀਓ ਸ਼ੇਅਰ ਕਰ ਕੇ ਕਿਹਾ, ‘ਕੁਝ ਬੇਹੱਦ ਖਾਸ ਮਹਿਮਾਨਾਂ ਨਾਲ ਮਾਂ, ਪ੍ਰਿਯੰਕਾ ਤੇ ਮੇਰੀ ਮੁਲਾਕਾਤ ਦਾ ਯਾਦਗਾਰ ਦਿਨ। ਸੋਨੀਪਤ ਦੀਆਂ ਕਿਸਾਨ ਭੈਣਾਂ ਦਾ ਦਿੱਲੀ ਦਰਸ਼ਨ, ਉਨ੍ਹਾਂ ਨਾਲ ਘਰ ’ਚ ਭੋਜਨ ਤੇ ਬਹੁਤ ਸਾਰੀਆਂ ਗੱਲਾਂ। ਦੇਸੀ ਘਿਓ, ਮਿੱਠੀ ਲੱਸੀ, ਘਰ ਦੇ ਬਣੇ ਅਚਾਰ ਤੇ ਢੇਰ ਸਾਰਾ ਪਿਆਰ-ਅਨਮੋਲ ਤੋਹਫ਼ੇ ਮਿਲੇ।’ ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ ਰਾਹੁਲ ਗਾਂਧੀ ਨੇ ਕਿਸਾਨ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ।

Add a Comment

Your email address will not be published. Required fields are marked *