ਵਪਾਰਕ ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਜਸਵਿੰਦਰ ਸਿੰਘ ਅਟਵਾਲ ਗ੍ਰਿਫ਼ਤਾਰ

ਨਿਊਯਾਰਕ/ਓਂਟਾਰੀੳ : ਕੈਨੇਡਾ ਦੀ ਪ੍ਰੋਵਿੰਸ਼ੀਅਲ ਪੁਲਸ ਦੇ ਕੈਲੇਡਨ ਡਿਟੈਚਮੈਂਟ ਦੇ ਅਧਿਕਾਰੀਆਂ ਨੇ ਇੱਕ ਫ਼ਰਨੀਚਰ ਨਾਲ ਲੱਦਿਆ ਚੋਰੀ ਕੀਤਾ ਹੋਇਆ ਵਪਾਰਕ ਟਰੱਕ ਬਰਾਮਦ ਕੀਤਾ ਹੈ ਅਤੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਚੋਂ ਇਕ ਪੰਜਾਬੀ ਮੂਲ ਦਾ ਜਸਵਿੰਦਰ ਸਿੰਘ ਅਟਵਾਲ ਹੈ। ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀ 1 ਸਤੰਬਰ ਨੂੰ, 2022 ਨੂੰ ਦੁਪਹਿਰ ਦੇ ਲਗਭਗ 12:26 ਵਜੇ ਦੇ ਕਰੀਬ ਇੱਕ ਆਮ ਗਸ਼ਤ ਦੇ ਦੌਰਾਨ ਪੁਲਸ ਦੇ ਇੱਕ ਅਧਿਕਾਰੀ ਨੇ ਕੈਲੇਡਨ ਕਸਬੇ ਵਿੱਚ ਮਰਚੈਂਟ ਰੋਡ ‘ਤੇ ਖੜ੍ਹੇ ਇੱਕ ਟ੍ਰਾਂਸਪੋਰਟ ਟਰੱਕ ਨੂੰ ਦੇਖਿਆ। ਸ਼ੁਰੂ ਵਿੱਚ ਪੁਲਸ ਨੇ ਇਹ ਨੋਟ ਕੀਤਾ ਕਿ ਖੜੇ ਟ੍ਰੇਲਰ ‘ਤੇ ਕੋਈ ਨੰਬਰ ਪਲੇਟ ਨਹੀਂ ਸੀ। 

ਅਧਿਕਾਰੀਆਂ ਨੇ ਗੱਡੀ ਦੇ ਨੇੜੇ ਜਾ ਕੇ ਦੇਖਿਆ ਕਿ ਉਸ ਦੇ ਅੰਦਰ ਦੋ ਵਿਅਕਤੀ ਸੁੱਤੇ ਪਏ ਸਨ। ਇੱਕ ਵਾਰ ਜਾਗਣ ਤੋਂ ਬਾਅਦ, ਉਹਨਾਂ ਨੇ ਪੁਲਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕਰਦਿਆਂ ਟ੍ਰੇਲਰ ਤੇਜ ਰਫ਼ਤਾਰ ਵਿੱਚ ਭਜਾ ਲਿਆ, ਜਿਸ ਵਿੱਚ   ਡਰਾਈਵਰ ਅਤੇ ਇਕ ਹੋਰ ਯਾਤਰੀ ਸ਼ਾਮਿਲ ਸੀ। ਪੁਲਸ ਨੇ ਪਿੱਛਾ ਕਰਕੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿੱਚ ਪਤਾ ਲੱਗਾ ਕਿ ਇਹ ਟਰੈਕਟਰ ਟ੍ਰੇਲਰ ਸਵੇਰ ਦੇ ਸਮੇਂ ਏਅਰਪੋਰਟ ਰੋਡ ਅਤੇ ਮੇਫੀਲਡ ਰੋਡ ਦੇ ਖੇਤਰ ਵਿੱਚ ਉਹਨਾਂ ਵੱਲੋ ਚੋਰੀ ਕੀਤਾ ਗਿਆ ਸੀ।

ਜਾਂਚ ਪੜਤਾਲ ਕਰਨ ‘ਤੇ ਚੋਰੀ ਕੀਤੇ ਗਏ ਟ੍ਰੇਲਰ ਸਬੰਧੀ ਬਰੈਂਪਟਨ ਦੇ ਜਸਵਿੰਦਰ ਅਟਵਾਲ (44) ‘ਤੇ ਦੋਸ਼ ਲੱਗੇ ਹਨ।ਉਕਤ ਦੋਵੇਂ ਦੋਸ਼ੀ ਆਪਣੇ ‘ਤੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ 17 ਨਵੰਬਰ ਨੂੰ ਓਂਟਾਰੀਓ ਕੋਰਟ ਆਫ਼ ਜਸਟਿਸ ਆਰੇਂਜਵਿਲੇ ਵਿੱਚ ਪੇਸ਼ ਹੋਣਗੇ।ਇਸ ਤੋਂ ਪਹਿਲੇ 30 ਸਾਲ ਦੇ ਨਵਤੇਜ ਸਿੰਘ ਨੂੰ ਟਰੱਕ ਟ੍ਰੇਲਰ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਦੋਸ਼ ਆਇਦ ਕੀਤੇ ਗਏ ਸਨ।

Add a Comment

Your email address will not be published. Required fields are marked *