ਮਹਾਰਾਸ਼ਟਰ ਅਤੇ ਕਰਨਾਟਕ ‘ਚ ਮੀਂਹ ਕਾਰਨ ਮਹਿੰਗਾ ਹੋਇਆ ਟਮਾਟਰ

ਨਵੀਂ ਦਿੱਲੀ–ਟਮਾਟਰ ਦੇ ਰੇਟ ਵੀ ਹੁਣ ਵਧਣ ਲੱਗੇ ਹਨ। ਟਮਾਟਰ ਉਤਪਾਦਕ ਇਲਾਕਿਆਂ ’ਚ ਮੀਂਹ ਕਾਰਨ ਇਸ ਦੀ ਫਸਲ ਨੂੰ ਨੁਕਸਾਨ ਹੋਇਆ ਹੈ, ਜਿਸ ਨਾਲ ਬੀਤੇ ਕੁੱਝ ਦਿਨਾਂ ਦੌਰਾਨ ਮੰਡੀਆਂ ’ਚ ਇਸ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਟਮਾਟਰ ਦੀਆਂ ਕੀਮਤਾਂ ’ਚ ਲੰਮੇ ਸਮੇਂ ਤੱਕ ਤੇਜ਼ੀ ਰਹਿਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਇਸ ਵਾਰ ਟਮਾਟਰ ਦੀ ਬੰਪਰ ਪੈਦਾਵਾਰ ਹੋਈ ਹੈ।
ਇਸ ਮਹੀਨੇ ਦਿੱਲੀ ਦੀ ਆਜ਼ਾਦਪੁਰ ਮੰਡੀ ’ਚ ਟਮਾਟਰ ਦੇ ਰੇਟ 12 ਤੋਂ 22 ਰੁਪਏ ਤੋਂ ਵਧ ਕੇ 16 ਤੋਂ 36 ਰੁਪਏ ਪ੍ਰਤੀ ਕਿਲੋ ਹੋ ਚੁੱਕੇ ਹਨ। ਕਰਨਾਟਕ ਦੀ ਕੋਲਾਰ ਮੰਡੀ ’ਚ ਭਾਅ 6 ਤੋਂ 23 ਰੁਪਏ ਵਧ ਕੇ 7 ਤੋਂ 27 ਰੁਪਏ ਪ੍ਰਤੀ ਕਿਲੋ ਅਤੇ ਮਹਾਰਾਸ਼ਟਰ ਦੇ ਮੁੰਬਈ ਵਿਚ 12 ਤੋਂ 16 ਰੁਪਏ ਤੋਂ ਵਧ ਕੇ 16 ਤੋਂ 26 ਰੁਪਏ ਪ੍ਰਤੀ ਕਿਲੋ ਹੋ ਗਏ ਹਨ। ਥੋਕ ਭਾਅ ਵਧਣ ਨਾਲ ਪ੍ਰਚੂਨ ਬਾਜ਼ਾਰ ’ਚ ਵੀ ਟਮਾਟਰ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਮੁਤਾਬਕ ਇਸ ਮਹੀਨੇ ਦੇਸ਼ ਭਰ ’ਚ ਟਮਾਟਰ ਦੀ ਔਸਤ ਪ੍ਰਚੂਨ ਕੀਮਤ 34.64 ਰੁਪਏ ਤੋਂ ਵਧ ਕੇ 38.99 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਟਮਾਟਰ ਸੜਨ ਕਾਰਨ ਸਪਲਾਈ ਹੋਈ ਪ੍ਰਭਾਵਿਤ
ਭਾਰਤੀ ਸਬਜ਼ੀ ਉਤਪਾਦਕ ਸੰਘ ਦੇ ਮੁਖੀ ਸ਼੍ਰੀਰਾਮ ਗਾਢਵੇ ਨੇ ਦੱਸਿਆ ਕਿ ਇਸ ਸਮੇਂ ਦੇਸ਼ ’ਚ ਮੁੱਖ ਤੌਰ ’ਤੇ ਮਹਾਰਾਸ਼ਟਰ ਅਤੇ ਕਰਨਾਟਕ ਤੋਂ ਟਮਾਟਰ ਦੀ ਸਪਲਾਈ ਹੋ ਰਹੀ ਹੈ। ਦੋਵੇਂ ਹੀ ਸੂਬਿਆਂ ’ਚ ਬੀਤੇ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਟਮਾਟਰ ਦੀ ਫਸਲ ਨੂੰ ਨੁਕਸਾਨ ਹੋਇਆ ਹੈ। ਮੀਂਹ ਕਾਰਨ ਟਮਾਟਰ ਸੜ ਰਹੇ ਹਨ, ਜਿਸ ਨਾਲ ਮੰਡੀਆਂ ਨੂੰ ਟਮਾਟਰ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਇਸ ਦੇ ਰੇਟ ਵਧੇ ਹਨ।
ਮੰਡੀ ’ਚ ਘਟੀ ਆਮਦ
ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਟਮਾਟਰ ਕਾਰੋਬਾਰੀ ਸੰਘ ਦੇ ਮੁਖੀ ਅਸ਼ੋਕ ਕੌਸ਼ਿਕ ਕਹਿੰਦੇ ਹਨ ਕਿ ਮੰਡੀ ’ਚ ਇਸ ਸਮੇਂ ਜ਼ਿਆਦਾਤਰ ਟਮਾਟਰ ਦੀ ਆਮਦ ਮਹਾਰਾਸ਼ਟਰ ਅਤੇ ਕਰਨਾਟਕ ਦੇ ਟਮਾਟਰ ਉਤਪਾਦਕ ਇਲਾਕਿਆਂ ਤੋਂ ਹੋ ਰਹੀ ਹੈ। ਇਨ੍ਹਾਂ ਸੂਬਿਆਂ ’ਚ ਮੀਂਹ ਨਾਲ ਟਮਾਟਰ ਦੀ ਫਸਲ ਨੂੰ ਹੋਏ ਨੁਕਸਾਨ ਕਾਰਨ ਇਸ ਦੇ ਰੇਟ ਵਧ ਗਏ ਹਨ। ਪਿਛਲੇ ਮਹੀਨੇ ਤੱਕ ਮੰਡੀ ’ਚ 30-35 ਗੱਡੀਆਂ ਟਮਾਟਰ ਦੀ ਆਮਦ ਹੋ ਰਹੀ ਸੀ। ਹੁਣ ਇਸ ਮਹੀਨੇ 25 ਗੱਡੀਆਂ ਤੱਕ ਹੀ ਟਮਾਟਰ ਮੰਡੀ ’ਚ ਆ ਰਹੇ ਹਨ। ਕਦੀ-ਕਦੀ ਤਾਂ ਆਮਦ ਘਟ ਕੇ 15 ਗੱਡੀਆਂ ਤੱਕ ਚਲੀ ਜਾਂਦੀ ਹੈ।
ਲੰਮੇ ਸਮੇਂ ਤੱਕ ਨਹੀਂ ਟਿਕੇਗੀ ਟਮਾਟਰ ’ਚ ਤੇਜ਼ੀ
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਟਮਾਟਰ ਦੀਆਂ ਕੀਮਤਾਂ ’ਚ ਆਈ ਤੇਜ਼ੀ ਲੰਮੇ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਨਹੀਂ ਹੈ। ਕੌਸ਼ਿਕ ਨੇ ਕਿਹਾ ਕਿ ਮੀਂਹ ਰੁਕਣ ਤੋਂ ਬਾਅਦ ਟਮਾਟਰ ਦੀ ਸਪਲਾਈ ’ਚ ਸੁਧਾਰ ਹੋ ਜਾਵੇਗਾ ਅਤੇ ਇਸ ਦੇ ਰੇਟ ਘਟ ਜਾਣਗੇ। ਗਾਢਵੇ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ ਨੇ ਖੂਬ ਟਮਾਟਰ ਦੀ ਫਸਲ ਬੀਜੀ ਹੈ, ਇਸ ਲਈ ਮੀਂਹ ਨਾਲ ਵੱਡੇ ਪੈਮਾਨੇ ’ਤੇ ਟਮਾਟਰ ਦਾ ਉਤਪਾਦਨ ਘਟਣ ਵਾਲਾ ਨਹੀਂ ਹੈ। ਲਿਹਾਜਾ ਅਗਲੇ 10 ਦਿਨਾਂ ਦੌਰਾਨ ਟਮਾਟਰ ਦੀ ਮਹਿੰਗਾਈ ਤੋਂ ਰਾਹਤ ਮਿਲਣ ਦੀ ਉਮੀਦ ਹੈ।

Add a Comment

Your email address will not be published. Required fields are marked *