ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਦੇਹਾਂਤ

ਸਕੌਟਲੈਂਡ, 8 ਸਤੰਬਰ– ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਅੱਜ ਸਥਾਨਕ ਸਮੇਂ ਮੁਤਾਬਕ ਦੁਪਹਿਰ ਵੇਲੇ ਦੇਹਾਂਤ ਹੋ ਗਿਆ। ਉਹ 96 ਸਾਲਾਂ ਦੇ ਸਨ ਤੇ ਬੀਤੇ ਕੁਝ ਦਿਨਾਂ ਤੋਂ ਸਿਹਤ ਨਾਲ ਜੁੜੇ ਵਿਗਾੜਾਂ ਨਾਲ ਜੂਝ ਰਹੇ ਸਨ। ਅੱਜਕਲ੍ਹ ਉਹ ਗਰਮੀਆਂ ਦੀਆਂ ਛੁੱੱਟੀਆਂ ਕੱਟਣ ਲਈ ਇਥੇ ਬਾਲਮੋਰਲ ਕੈਸਲ ਵਿੱਚ ਰਹਿ ਰਹੇ ਸਨ। ਸਿਹਤ ਨਾਸਾਜ਼ ਹੋਣ ਦੀਆਂ ਖ਼ਬਰਾਂ ਮਗਰੋਂ ਉਹ ਡਾਕਟਰਾਂ ਦੀ ਨਿਗਰਾਨੀ ਅਧੀਨ ਸਨ। ਮਹਾਰਾਣੀ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਪ੍ਰਿੰਸ ਚਾਰਲਸ ਬਰਤਾਨੀਆ ਦੀ ਗੱਦੀ ’ਤੇ ਬੈਠੇਗਾ। ਉਨ੍ਹਾਂ ਦੇ ਰਾਜ ਵਿੱਚ ਵਿੰਸਟਨ ਚਰਚਿਲ (1952) ਤੋਂ ਲੈ ਕੇ ਲਿਜ਼ ਟਰੱਸ (2022) ਤਕ 15 ਪ੍ਰਧਾਨ ਮੰਤਰੀ ਰਹੇ। ਲਿਜ਼ ਟਰੱਸ ਤੇ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਲੰਘੇ ਦਿਨ ਹੀ ਉਨ੍ਹਾਂ ਨਾਲ ਕੈਸਲ ਵਿੱਚ ਮੁਲਾਕਾਤ ਕੀਤੀ ਸੀ। ਮਹਾਰਾਣੀ ਨੇ 70 ਸਾਲ ਤੋਂ ਵਧ ਸਮਾਂ ਬਰਤਾਨੀਆ ’ਤੇ ਰਾਜ ਕੀਤਾ। ਉਹ ਸਭ ਤੋਂ ਵੱਡੀ ਉਮਰ ਤੇ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲੀ ਮਹਾਰਾਣੀ ਸਨ। ਉਨ੍ਹਾਂ ਆਪਣੇ ਪਿਤਾ ਕਿੰਗ ਜਾਰਜ ਚੌਥੇ ਦੇ ਦੇਹਾਂਤ ਮਗਰੋਂ 5 ਫਰਵਰੀ 1952 ਨੂੰ ਬਰਤਾਨੀਆ ਦਾ ਤਖ਼ਤ ਸੰਭਾਲਿਆ ਸੀ। ਪਿਛਲੇ ਸਾਲ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਆਲਮੀ ਜਗਤ ਦੀਆਂ ਹੋਰਨਾਂ ਸਿਆਸੀ ਸ਼ਖ਼ਸੀਅਤਾਂ ਨੇ ਮਹਾਰਾਣੀ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਬੀਬੀਸੀ ਮੁਤਾਬਕ ਐਲਿਜ਼ਾਬੈੱਥ ਦੋਇਮ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਸ਼ਹਿਜ਼ਾਦਾ ਚਾਰਲਸ ਬਰਤਾਨੀਆ ਦੇ ਨਵੇਂ ਮਹਾਰਾਜ ਤੇ ਰਾਸ਼ਟਰਮੰਡਲ ਮੁਲਕਾਂ ਦੇ ਨਵੇਂ ਮੁਖੀ ਵਜੋਂ ਮਹਾਰਾਣੀ ਦੇ ਅੰਤਿਮ ਸੰਸਕਾਰ ਤੇ ਸ਼ਰਧਾਂਜਲੀ ਪ੍ਰੋਗਰਾਮ ਦੀ ਅਗਵਾਈ ਕਰਨਗੇ।

Add a Comment

Your email address will not be published. Required fields are marked *