‘ਓਪਨਹਾਈਮਰ’ ਦੇ ਵਿਵਾਦਿਤ ਸੀਨ ’ਤੇ ‘ਮਹਾਭਾਰਤ’ ਸ਼ੋਅ ਦੇ ਕ੍ਰਿਸ਼ਨ ਦੇ ਬਿਆਨ

ਮੁੰਬਈ– ਹਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਦੀ ਫ਼ਿਲਮ ‘ਓਪਨਹਾਈਮਰ’ ਰਿਲੀਜ਼ ਹੁੰਦਿਆਂ ਹੀ ਵਿਵਾਦਾਂ ’ਚ ਘਿਰ ਗਈ ਹੈ। ਫ਼ਿਲਮ ’ਚ ਇੰਟੀਮੇਟ ਸੀਨ ਦੌਰਾਨ ਭਗਵਦ ਗੀਤਾ ਪੜ੍ਹੀ ਗਈ ਹੈ। ‘ਓਪਨਹਾਈਮਰ’ ਦੇ ਇਸ ਸੀਨ ਤੋਂ ਲੋਕ ਨਾਰਾਜ਼ ਹਨ। ਇਸ ਤੋਂ ਇਲਾਵਾ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਵੀ ਵਿਰੋਧ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੇ ਇਸ ਸੀਨ ਨੂੰ ਕਿਵੇਂ ਪਾਸ ਹੋਣ ਦਿੱਤਾ। ਇਸ ਦੇ ਨਾਲ ਹੀ ਸ਼ੋਅ ‘ਮਹਾਭਾਰਤ’ ’ਚ ਕ੍ਰਿਸ਼ਨ ਦਾ ਕਿਰਦਾਰ ਨਿਭਾਉਣ ਵਾਲੇ ਨਿਤੀਸ਼ ਭਾਰਦਵਾਜ ਨੇ ਇਸ ਵਿਵਾਦਿਤ ਸੀਨ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਫ਼ਿਲਮ ਬਾਰੇ ਗੱਲ ਕਰਦਿਆਂ ਨਿਤੀਸ਼ ਭਾਰਦਵਾਜ ਨੇ ਕਿਹਾ, ‘‘ਫ਼ਿਲਮ ’ਚ ਭਗਵਦ ਗੀਤਾ ਦਾ ਕੋਈ ਅਪਮਾਨ ਨਹੀਂ ਕੀਤਾ ਗਿਆ ਹੈ। ਹਿੰਦੂਆਂ ਤੇ ਸਰਕਾਰ ਨੂੰ ‘ਓਪਨਹਾਈਮਰ’ ਬਾਰੇ ਸੰਜਮ ਦਿਖਾਉਣ ਦੀ ਲੋੜ ਹੈ। ਫ਼ਿਲਮ ’ਤੇ ਪਾਬੰਦੀ ਲਗਾਉਣ ਦੀ ਕੋਈ ਲੋੜ ਨਹੀਂ ਹੈ। ਜਿਸ ਸੀਨ ਨੂੰ ਲੈ ਕੇ ਇੰਨਾ ਵਿਵਾਦ ਹੋ ਰਿਹਾ ਹੈ, ਉਸ ਸੀਨ ’ਚ ਐਟਮ ਬੰਬ ਬਣਾਉਣ ਵਾਲੇ ਨੂੰ ਪਛਤਾਵਾ ਹੋਇਆ ਦਿਖਾਇਆ ਗਿਆ ਹੈ।’’

ਇੰਟੀਮੇਟ ਸੀਨ ਦੌਰਾਨ ਨੋਲਨ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ‘ਓਪਨਹਾਈਮਰ’ ਇਕ ਅਪਰਾਧ ਦਾ ਬੋਝ ਮਹਿਸੂਸ ਕਰ ਰਿਹਾ ਹੈ। ਉਹ ਐਟਮ ਬੰਬ ਬਣਾਉਣ ਬਾਰੇ ਸੋਚ ਰਿਹਾ ਹੈ, ਜਿਸ ਕਾਰਨ ਜਾਪਾਨ ’ਚ ਲੱਖਾਂ ਲੋਕ ਮਾਰੇ ਗਏ ਸਨ। ਉਹ ਆਪਣੇ ਆਪ ਨੂੰ ਸਵਾਲ ਕਰ ਰਿਹਾ ਹੈ ਕਿ ਕੀ ਉਸ ਨੇ ਆਪਣੇ ਧਰਮ ਦਾ ਸਹੀ ਢੰਗ ਨਾਲ ਪਾਲਣ ਕੀਤਾ ਹੈ। ਦ੍ਰਿਸ਼ ਦੌਰਾਨ ਉਹ ਇਹ ਸੋਚ ਰਿਹਾ ਹੈ ਕਿ ਕੀ ਉਸ ਦੀ ਰਚਨਾ ਭਵਿੱਖ ’ਚ ਮਨੁੱਖੀ ਸੰਸਾਰ ਨੂੰ ਖ਼ਤਮ ਕਰੇਗੀ। ‘ਓਪਨਹਾਈਮਰ’ ਦੇ ਪਛਤਾਵੇ ਨੂੰ ਦਰਸਾਉਂਦੇ ਸੀਨ ’ਚ ਗੀਤਾ ਦਾ ਹਵਾਲਾ ਦਿੱਤਾ ਗਿਆ ਹੈ।

ਫ਼ਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਸ਼ੋਅ ‘ਮਹਾਭਾਰਤ’ ਦੇ ਅਦਾਕਾਰ ਨੇ ਲੋਕਾਂ ਨੂੰ ਫ਼ਿਲਮ ਦੇਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ, ‘‘ਕੁਝ ਲੋਕ ਅਜਿਹੇ ਹਨ, ਜੋ ਹਿੰਦੂ ਧਰਮ ਨੂੰ ਨਕਾਰਾਤਮਕ ਢੰਗ ਨਾਲ ਪੇਸ਼ ਕਰਨਾ ਚਾਹੁੰਦੇ ਹਨ ਪਰ ਫ਼ਿਲਮ ’ਚ ਅਜਿਹਾ ਕੁਝ ਨਹੀਂ ਹੈ। ਸਰਕਾਰ ਨੂੰ ਫ਼ਿਲਮ ’ਤੇ ਪਾਬੰਦੀ ਲਗਾਉਣ ਦੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਵੇਦਾਂ ਦੇ ਬਹੁਤ ਜਾਣਕਾਰ ਹਨ। ਉਹ ਸਾਡੇ ਦੇਸ਼ ਦੀ ਚੰਗੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੂੰ ਆਪਣੇ ਮੰਤਰੀਆਂ ਨੂੰ ਸੰਜਮ ਵਰਤਣ ਦੀ ਸਲਾਹ ਦੇਣੀ ਚਾਹੀਦੀ ਹੈ।’’

ਦੱਸ ਦੇਈਏ ਕਿ ਜਿਵੇਂ ਨਿਤੀਸ਼ ਭਾਰਦਵਾਜ ਵਲੋਂ ਦੱਸਿਆ ਗਿਆ ਹੈ ਇਸ ਦ੍ਰਿਸ਼ ਨੂੰ ਉਂਝ ਬਿਲਕੁਲ ਨਹੀਂ ਫ਼ਿਲਮਾਇਆ ਗਿਆ। ਇਹ ਦ੍ਰਿਸ਼ ਫ਼ਿਲਮ ਦੇ ਸ਼ੁਰੂਆਤੀ ਮਿੰਟਾਂ ’ਚ ਆਉਂਦਾ ਹੈ। ਇਸ ਦੌਰਾਨ ਜਾਪਾਨ ’ਚ ਬੰਬ ਸੁੱਟੇ ਜਾਣ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਸੀ, ਸਗੋਂ ਉਦੋਂ ਮਸਲਾ ਸਿਰਫ ਹਿਟਲਰ ਨੂੰ ਰੋਕਣਾ ਸੀ। ਨਾ ਹੀ ਇਸ ਦ੍ਰਿਸ਼ ਦੌਰਾਨ ਐਟਮ ਬੰਬ ਦੀ ਕੋਈ ਗੱਲਬਾਤ ਕਲਾਕਾਰਾਂ ਵਲੋਂ ਕੀਤੀ ਗਈ ਸੀ।

Add a Comment

Your email address will not be published. Required fields are marked *