10 ਸਾਲਾ ਧੀ ਨੂੰ ‘ਬਾਰਬੀ’ ਦਿਖਾਉਣ ਲੈ ਗਈ ਜੂਹੀ ਪਰਮਾਰ

ਮੁੰਬਈ – ਬੱਚਿਆਂ ਨਾਲ ਹਾਲੀਵੁੱਡ ਫ਼ਿਲਮ ‘ਬਾਰਬੀ’ ਦੇਖਣ ਦੀ ਯੋਜਨਾ ਬਣਾ ਰਹੇ ਹੋ? ਤਾਂ ਰੁਕ ਜਾਓ। ਉਂਝ ਗ੍ਰੇਟਾ ਗੇਰਵਿਗ ਵਲੋਂ ਨਿਰਦੇਸ਼ਿਤ ਫ਼ਿਲਮ ‘ਬਾਰਬੀ’ ਇਸ ਸਮੇਂ ਸਿਨੇਮਾਘਰਾਂ ’ਚ ਧੂਮ ਮਚਾ ਰਹੀ ਹੈ। ‘ਬਾਰਬੀ’ ਦੀ ਗੁਲਾਬੀ ਤੇ ਖ਼ੂਬਸੂਰਤ ਦੁਨੀਆ ਦੀ ਚਾਰੇ ਪਾਸੇ ਇਕ ਵੱਡੀ ਫੈਨ ਫਾਲੋਇੰਗ ਹੈ। ਫਿਲਹਾਲ ‘ਬਾਰਬੀ ਲੈਂਡ’ ਦੀ ਕਹਾਣੀ ’ਤੇ ਆਧਾਰਿਤ ਇਹ ਫ਼ਿਲਮ ਬਾਕਸ ਆਫਿਸ ’ਤੇ ਧਮਾਲ ਮਚਾ ਰਹੀ ਹੈ ਤੇ ਇਸ ਫ਼ਿਲਮ ਨੂੰ ਭਾਰਤ ’ਚ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਟੀ. ਵੀ. ਸੀਰੀਅਲ ‘ਕੁਮਕੁਮ’ ਦੀ ਮਸ਼ਹੂਰ ਅਦਾਕਾਰਾ ਜੂਹੀ ਪਰਮਾਰ ਨੇ ਉਨ੍ਹਾਂ ਮਾਪਿਆਂ ਨੂੰ ਇਸ ‘ਬਾਰਬੀ’ ਬਾਰੇ ਸਲਾਹ ਦਿੱਤੀ ਹੈ, ਜੋ ਆਪਣੇ ਬੱਚਿਆਂ ਨਾਲ ਇਹ ਫ਼ਿਲਮ ਦੇਖਣ ਦੀ ਤਿਆਰੀ ਕਰ ਰਹੇ ਹਨ।

ਜੂਹੀ ਪਰਮਾਰ ਆਪਣੀ 10 ਸਾਲ ਦੀ ਧੀ ਨੂੰ ਇਕੱਲੇ ਮਾਤਾ-ਪਿਤਾ ਵਜੋਂ ਸੰਭਾਲ ਰਹੀ ਹੈ। ਜੂਹੀ ਨੇ ਫ਼ਿਲਮ ‘ਬਾਰਬੀ’ ਦੇ ਨਾਂ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ ਤੇ ਆਪਣੇ ਵਰਗੇ ਸਾਰੇ ਮਾਪਿਆਂ ਨੂੰ ਸਲਾਹ ਵੀ ਦਿੱਤੀ ਹੈ। ਜੂਹੀ ਨੇ ਆਪਣੀ ਪੋਸਟ ’ਚ ਲਿਖਿਆ, ‘‘ਹੋ ਸਕਦਾ ਹੈ ਕਿ ਮੇਰੇ ਆਪਣੇ ਦਰਸ਼ਕ ਇਹ ਸੁਣ ਕੇ ਖ਼ੁਸ਼ ਨਹੀਂ ਹੋਣਗੇ ਜੋ ਮੈਂ ਇਥੇ ਦੱਸ ਰਹੀ ਹਾਂ। ਤੁਹਾਡੇ ’ਚੋਂ ਕੁਝ ਮੇਰੇ ਨਾਲ ਨਾਰਾਜ਼ ਵੀ ਹੋ ਸਕਦੇ ਹਨ ਪਰ ਮੈਂ ਇਕ ਚਿੰਤਾਜਨਕ ਮਾਤਾ-ਪਿਤਾ ਵਜੋਂ ਇਸ ਨੋਟ ਨੂੰ ਸਾਂਝਾ ਕਰਨਾ ਚਾਹੁੰਦੀ ਹਾਂ, ਮੈਨੂੰ ਗਲਤ ਨਾ ਸਮਝੋ। ਉਹ ਗਲਤੀ ਨਾ ਕਰੋ ਜੋ ਮੈਂ ਕੀਤੀ ਹੈ, ਬੱਚੇ ਨੂੰ ਫ਼ਿਲਮ ਦਿਖਾਉਣ ਤੋਂ ਪਹਿਲਾਂ ਜਾਂਚ ਕਰ ਲਓ, ਚੋਣ ਤੁਹਾਡੀ ਹੈ।’’

ਜੂਹੀ ਨੇ ਇਸ ਪੋਸਟ ’ਚ ਲਿਖਿਆ, ‘‘ਡੀਅਰ ਬਾਰਬੀ, ਮੈਂ ਆਪਣੀ ਗਲਤੀ ਮੰਨ ਕੇ ਸ਼ੁਰੂਆਤ ਕਰ ਰਹੀ ਹਾਂ। ਮੈਂ ਆਪਣੀ 10 ਸਾਲ ਦੀ ਧੀ ਸਮਾਇਰਾ ਨੂੰ ਬਿਨਾਂ ਖੋਜ ਕੀਤੇ ਤੁਹਾਡੀ ਫ਼ਿਲਮ ਦੇਖਣ ਲਈ ਲੈ ਗਈ ਕਿ ਇਹ ਇਕ PG-13 ਫ਼ਿਲਮ ਸੀ (ਕੁਝ ਦ੍ਰਿਸ਼ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਅਣਉਚਿਤ ਹੋ ਸਕਦੇ ਹਨ)। ਫ਼ਿਲਮ ’ਚ 10 ਮਿੰਟਾਂ ਤੱਕ ਇਤਰਾਜ਼ਯੋਗ ਭਾਸ਼ਾ ਤੇ ਸੀਨ ਸਨ ਤੇ ਅਖੀਰ ’ਚ ਮੈਂ ਇਹ ਸੋਚ ਕੇ ਪ੍ਰੇਸ਼ਾਨ ਹੋ ਕੇ ਹਾਲ ’ਚੋਂ ਬਾਹਰ ਆ ਗਈ ਕਿ ਮੈਂ ਆਪਣੇ ਬੱਚੇ ਨੂੰ ਕੀ ਦਿਖਾਇਆ ਹੈ। ਉਹ ਕਦੋਂ ਤੋਂ ਤੁਹਾਡੀ ਇਸ ਫ਼ਿਲਮ ਨੂੰ ਦੇਖਣ ਦੀ ਉਡੀਕ ਕਰ ਰਹੀ ਸੀ। ਮੈਂ ਹੈਰਾਨ, ਨਿਰਾਸ਼ ਤੇ ਦਿਲ ਟੁੱਟ ਗਿਆ ਕਿ ਮੈਂ ਆਪਣੀ ਧੀ ਨੂੰ ਕੀ ਦਿਖਾਇਆ।’’

ਜੂਹੀ ਨੇ ਅੱਗੇ ਕਿਹਾ, ‘‘ਮੈਂ ਪਹਿਲੀ ਸੀ ਜਿਸ ਨੇ 10/15 ਮਿੰਟਾਂ ਬਾਅਦ ਹੀ ਫ਼ਿਲਮ ਛੱਡ ਦਿੱਤੀ ਸੀ ਤੇ ਉਥੋਂ ਭੱਜ ਗਈ ਸੀ। ਬਾਅਦ ’ਚ ਕੁਝ ਹੋਰ ਮਾਪੇ ਵੀ ਸਾਹਮਣੇ ਆਏ, ਜਿਨ੍ਹਾਂ ਦੇ ਬੱਚੇ ਰੋ ਰਹੇ ਸਨ ਤੇ ਕੁਝ ਨੇ ਬੈਠ ਕੇ ਪੂਰੀ ਫ਼ਿਲਮ ਦੇਖੀ। ਫ਼ਿਲਮ ‘ਬਾਰਬੀ’ ਦੀ ਭਾਸ਼ਾ ਤੇ ਸਮੱਗਰੀ ਦੋਵੇਂ 13 ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਲਈ ਵੀ ਢੁਕਵੇਂ ਨਹੀਂ ਹਨ।’’

Add a Comment

Your email address will not be published. Required fields are marked *